ਚੰਡੀਗੜ੍ਹ, 16 ਸਤੰਬਰ, 2017 : ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਸਾਰੇ ਮੋਰਚਿਆਂ ਉੱਤੇ ਫ਼ੇਲ੍ਹ ਸਾਬਤ ਹੋਈ ਹੈ। ਇਹ ਚਾਹੇ ਸਿਆਸੀ ਮੋਰਚਾ ਹੋਵੇ, ਆਰਥਿਕ ਹੋਵੇ ਜਾਂ ਧਾਰਮਿਕ, ਇਸ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਹੀ ਝੂਠਾ ਸਾਬਤ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਭਰੋਸੇ ਨੂੰ ਵੀ ਤੋੜਿਆ ਹੈ। ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪਾਰਟੀ ਕਾਡਰ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਸੁਣਨ ਲਈ ਪਹੁੰਚੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ਼ ਕਿਸਾਨਾਂ ਨਾਲ ਹੀ ਧੋਖਾ ਨਹੀਂ ਕੀਤਾ, ਇਸ ਨੇ ਨੌਜਵਾਨਾਂ ਨੂੰ ਵੀ ਠਗਿਆ ਹੈ ਅਤੇ ਇੱਥੋਂ ਤਕ ਕਿ ਪੰਜਾਬੀਆਂ ਦੇ ਧਾਰਮਿਕ ਜਜ਼ਬਾਤਾਂ ਦੀ ਵੀ ਰੱਤੀ ਪਰਵਾਹ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇੰਨਾ ਹੀ ਨਹੀਂ ਕਾਂਗਰਸ ਸਰਕਾਰ ਨੇ ਸੂਬੇ ਦੀ ਇੰਡਸਟਰੀ ਨਾਲ ਵੀ ਕੋਝਾ ਮਜ਼ਾਕ ਕੀਤਾ ਹੈ। ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ ਕਰਕੇ ਹੁਣ ਉਸ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਕਾਂਗਰਸ ਦੇ 6 ਮਹੀਨਿਆਂ ਦੇ ਕਾਰਜਕਾਲ ਨੂੰ ਸਟੇਟ ਕੈਬਨਿਟ ਜਾਂ ਵਿਧਾਨ ਸਭਾ ਵੱਲੋਂ ਕੀਤੇ ਖੋਖਲੇ ਐਲਾਨਾਂ ਦਾ ਪੀਰੀਅਡ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਵਾਸਤੇ ਕੁੱਝ ਵੀ ਪਵਿੱਤਰ ਨਹੀਂ ਹੈ। ਇਸ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਕਿਸਾਨ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾ ਚੁੱਕਿਆ ਹੈ। ਪਰ ਕਿਸਾਨੀ ਸਿਰ ਚੜ੍ਹੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਵਿਚੋਂ ਅਜੇ ਤੀਕ ਇੱਕ ਵੀ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਕਿਸਾਨਾਂ ਦੀ ਕੁਰਕੀ ਨਹੀਂ ਹੋਵੇਗੀ, ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੇ ਅਜੇ ਤਕ ਲੈਂਡ ਰੈਵੀਨਿਊ ਐਕਟ ਵਿਚ ਲੋੜੀਂਦੀ ਸੋਧ ਨਹੀਂ ਕੀਤੀ ਹੈ। ਇਹ ਸਰਕਾਰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਵਿਚ ਵੀ ਨਾਕਾਮ ਸਾਬਤ ਹੋਈ ਹੈ, ਜਿਨ੍ਹਾਂ ਦੀ ਗਿਣਤੀ ਪਿਛਲੇ 6 ਮਹੀਨਿਆਂ ਵਿਚ 200 ਤੋਂ ਟੱਪ ਚੁੱਕੀ ਹੈ। ਇਹ ਕਹਿੰਦਿਆਂ ਕਿ ਕਾਂਗਰਸ ਦੀਆਂ ਕਪਟੀ ਚਾਲਾਂ ਦੀ ਕੋਈ ਗਿਣਤੀ ਨਹੀਂ ਹੈ, ਸਰਦਾਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਤਕਨੀਕੀ ਕਾਲਜਾਂ ਦੁਆਰਾ ਕੀਤੀ ਜਾਂਦੀ ਸਾਲਾਨਾ ਭਰਤੀ ਨੂੰ ਵੀ ਆਪਣੀ ਢਾਲ ਬਣਾ ਲਿਆ ਹੈ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਘਰ ਘਰ ਨੌਕਰੀ ਸਕੀਮ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਇਸ ਸਰਕਾਰ ਨੇ ਅਜੇ ਤੀਕ ਕਿਸੇ ਇੱਕ ਵੀ ਬੇਰੁਜ਼ਗਾਰ ਨੂੰ ਨੌਕਰੀ ਨਹੀਂ ਦਿੱਤੀ ਹੈ। ਇਸ ਨੇ ਤਾਂ ਖ਼ਾਲੀ ਪਈਆਂ ਸਰਕਾਰੀ ਅਸਾਮੀਆਂ ਵੀ ਨਹੀਂ ਭਰੀਆਂ ਹਨ ਅਤੇ ਠੇਕੇ ਉੱਤੇ ਭਰਤੀ ਕੀਤੇ ਕਰਮਚਾਰੀਅ ਨੂੰ ਵੀ ਰੈਗੂਲਰ ਕੀਤੇ ਜਾਣਾ ਬਾਕੀ ਹੈ। ਇਸ ਨੇ ਆਪਣੇ ਕੀਤੇ ਵਾਅਦੇ ਤੋਂ ਮੁੱਕਰਦਿਆਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਵਾਅਦੇ ਮੁਤਾਬਿਕ ਨੌਜਵਾਨਾਂ ਨੂੰ ਸਮਾਰਟ ਫੋਨ ਕਦੋਂ ਦਿੱਤੇ ਜਾਣਗੇ, ਇਸ ਦੀ ਇਹ ਗੱਲ ਵੀ ਨਹੀਂ ਛੇੜਦੀ। ਕਾਂਗਰਸ ਨੂੰ ਇਹ ਪੁੱਛਦਿਆਂ ਕਿ ਉਹ ਦੱਸੇ ਕਿ ਕੀ ਪਿਛਲੇ ਛੇ ਮਹੀਨਿਆਂ ਦੌਰਾਨ ਇੱਕ ਵੀ ਲੋਕ ਭਲਾਈ ਸਕੀਮ ਸ਼ੁਰੂ ਕੀਤੀ ਗਈ ਹੈ, ਸਰਦਾਰ ਬਾਦਲ ਨੇ ਕਿਹਾ ਕਿ ਇਹੀ ਇੱਕੋ ਵਜ੍ਹਾ ਕਾਫੀ ਹੈ ਕਿ ਆ ਰਹੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪੰਜਾਬੀ ਕਾਂਗਰਸ ਨੂੰ ਸਬਕ ਸਿਖਾ ਦੇਣ। ਉਨ੍ਹਾਂ ਕਿਹਾ ਕਿ ਨਵੇਂ ਪ੍ਰਾਜੈਕਟ ਸ਼ੁਰੂ ਕਰਨਾ ਤਾਂ ਦੂਰ ਦੀ ਗੱਲ ਇਸ ਸਰਕਾਰ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਵੀ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਭੇਜਿਆ ਗਿਆ ਪੈਸਾ ਵਾਪਸ ਮੰਗਵਾ ਲਿਆ ਗਿਆ ਹੈ। ਕਸਬਿਆਂ ਅਤੇ ਸ਼ਹਿਰਾਂ ਅੰਦਰ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਵੀ ਰੋਕ ਦਿੱਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਭ ਤੋਂ ਵੱਧ ਨੁਕਸਾਨ ਗਰੀਬ ਲੋਕਾਂ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਨੇ ਕਮਾਨ ਸੰਭਾਲੀ ਹੈ, ਲੋਕਾਂ ਨੂੰ ਇੱਕ ਵਾਰ ਵੀ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਵੇਖਣੀ ਨਸੀਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਕਿਸਾਨਾਂ ਲਈ ਸਿਹਤ ਬੀਮਾ, ਲੜਕੀਆਂ ਲਈ ਸਾਇਕਲ ਸਕੀਮ ਅਤੇ ਐਸਸੀ ਸਕਾਲਰਸ਼ਿਪ ਸਕੀਮ ਬੰਦ ਕੀਤੀਆਂ ਜਾ ਚੁੱਕੀਆਂ ਹਨ। ਇਹ ਕਹਿੰਦਿਆ ਕਿ ਇਹ ਸਰਕਾਰ ਧਾਰਮਿਕ ਸੰਸਥਾਵਾਂ ਦੀ ਮੱਦਦ ਕਰਨ ਵਿਚ ਵੀ ਨਾਕਾਮ ਸਾਬਤ ਹੋਈ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਚੱਲਦੀ ਲੰਗਰ ਸੇਵਾ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਦੀ ਹਾਲ ਹੀ ਵਿਚ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕੋਸ਼ਿਸ਼ ਤਕ ਨਹੀਂ ਕੀਤੀ। ਇਸ ਤੋ ਇਲਾਵਾ ਮੌਜੂਦਾ ਸਰਕਾਰ ਅਧੀਨ ਬੇਅਦਬੀ ਦੀਆਂ ਘਟਨਾਵਾਂ ਵਿਚ ਵੀ ਚੋਖਾ ਵਾਧਾ ਹੋਇਆ ਹੈ। ਸਰਕਾਰ ਦੇ ਛੇ ਮਹੀਨੇ ਦੇ ਕਾਰਜਕਾਲ ਨੂੰ ਇੱਕ ਜਬਰਦਸਤ ਨਾਕਾਮੀ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਦੇ ਇਸ ਕਾਰਜਕਾਲ ਨੂੰ ਝੂਠੇ ਵਾਅਦਿਆਂ ਅਤੇ ਕੋਰੇ ਝੂਠਾਂ ਰਾਂਹੀ ਸਮਾਜ ਦੇ ਹਰ ਵਰਗ ਨਾਲ ਕੀਤੇ ਧੋਖੇ ਅਤੇ ਵਿਸਵਾਸ਼ਘਾਤ ਦਾ ਸਮਾਂ ਕਿਹਾ ਜਾ ਸਕਦਾ ਹੈ।