ਗੁਰਦਾਸਪੁਰ, 24 ਸਤੰਬਰ, 2017 : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਐਲਾਨ ਕੀਤਾ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ ਅਤੇ ਪਿਛਲੀ ਬਾਦਲ ਸਰਕਾਰ ਨੂੰ ਉਸ ਦੇ ਹਰੇਕ ਗੁਨਾਹ ਦੀ ਸਜ਼ਾ ਜ਼ਰੂਰ ਮਿਲੇਗੀ।
ਅੱਜ ਇੱਥੇ ਅਗਾਮੀ ਲੋਕ ਸਭਾ ਜ਼ਿਮਨੀ ਜੋਣ ਲਈ ਚੋਣ ਦਫਤਰ ਦੇ ਉਦਘਾਟਨ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਦੌਰਾਨ ਸ੍ਰੀ ਜਾਖੜ ਨੇ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ੇ ਦੀ ਗੰਭੀਰ ਸਮੱਸਿਆ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਘਟਨਾਵਾਂ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਤੇ ਸਥਿਰਤਾ ਨੂੰ ਲੀਹੋਂ ਲਾਹੁਣ ਦੇ ਯਤਨਾਂ ਦਾ ਹਿੱਸਾ ਸਨ।
ਪਿਛਲੀ ਬਾਦਲ ਸਰਕਾਰ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਹਰੇਕ ਮਸਲੇ 'ਤੇ ਸੁਖਬੀਰ ਬਾਦਲ ਅੱਗੇ ਆਤਮ-ਸਮਰਪਣ ਕਰ ਦੇਣ ਦਾ ਦੋਸ਼ ਲਾਉਂਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਪਿਛਲੀ ਸਰਕਾਰ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਭਾਅ ਵੀ ਨਹੀਂ ਮਿਲਿਆ। ਕਾਂਗਰਸ ਦੇ ਪ੍ਰਧਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਪਹਿਲਾਂ ਤਾਂ ਬਾਦਲ ਇਹ ਕਹਿੰਦੇ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰ ਸਕਦੇ ਪਰ ਹੁਣ ਜਦੋਂ ਮੁੱਖ ਮੰਤਰੀ ਨੇ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ ਤਾਂ ਸਾਬਕਾ ਮੁੱਖ ਮੰਤਰੀ ਹੁਣ ਇਸ ਦੀ ਵੀ ਆਲੋਚਨਾ ਕਰ ਰਹੇ ਹਨ।
ਸ੍ਰੀ ਜਾਖੜ ਨੇ ਆਖਿਆ ਕਿ ਜਦੋਂ ਵੀ ਬਾਦਲ ਕੇਂਦਰ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੋਲ ਜਾਂਦੇ ਸਨ ਤਾਂ ਉਨ੍ਹਾਂ ਨੂੰ ਪੰਜਾਬ ਲਈ ਜੋ ਵੀ ਚਾਹੀਦਾ ਹੁੰਦਾ ਸੀ, ਖਿੜੇ-ਮੱਥੇ ਦਿੱਤਾ ਜਾਂਦਾ ਸੀ ਪਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੁਝ ਵੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਨਅਤਕਾਰਾਂ ਨੂੰ ਤਾਂ ਬੇਲੋੜੇ ਗੱਫੇ ਦੇ ਰਹੀ ਹੈ ਪਰ ਪੰਜਾਬ ਦੇ ਲੋਕਾਂ ਦੀ ਬਾਂਹ ਫੜਣ ਲਈ ਵੀ ਤਿਆਰ ਨਹੀਂ ਹੈ।
ਸ੍ਰੀ ਜਾਖੜ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਲੰਗਰ 'ਤੇ ਜੀ.ਐਸ.ਟੀ. ਮੁਆਫ ਕਰਨ ਦਾ ਮਸਲਾ ਪ੍ਰਧਾਨ ਮੰਤਰੀ ਕੋਲ ਕਿਉਂ ਨਹੀਂ ਉਠਾਇਆ? ਉਨ੍ਹਾਂ ਆਖਿਆ ਕਿ ਅਸਲ ਵਿੱਚ ਇਹ ਅਕਾਲੀ ਲੀਡਰ ਪ੍ਰਧਾਨ ਮੰਤਰੀ ਕੋਲ ਕਿਸੇ ਮੰਗ ਲਈ ਜਾ ਨਹੀਂ ਸਕਦਾ ਕਿਉਂਕਿ ਪ੍ਰਧਾਨ ਮੰਤਰੀ ਉਸ ਕੋਲ ਬਿਕਰਮ ਸਿੰਘ ਮਜੀਠੀਆ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸ ਦੀ ਫਾਇਲ ਬਾਰੇ ਗੱਲ ਛੇੜ ਲੈਂਦੇ ਹਨ।
ਸ੍ਰੀ ਜਾਖੜ ਨੇ ਕੇਂਦਰ ਨੂੰ 32000 ਕਰੋੜ ਰੁਪਏ ਦੇਣ ਦਾ ਬੋਝ ਪੰਜਾਬ ਦੇ ਸਿਰ 'ਤੇ ਪਾਉਣ ਲਈ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਦੱਸਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਇਸ ਮਸਲੇ ਨੂੰ ਲੋਕ ਸਭਾ ਵਿੱਚ ਉਠਾਉਣਗੇ ਅਤੇ ਸੂਬੇ ਦਾ ਇਕ-ਇਕ ਪੈਸਾ ਵਾਪਸ ਲੈ ਕੇ ਆਉਣਗੇ।
ਸ੍ਰੀ ਜਾਖੜ ਨੇ ਕੇਂਦਰੀ ਮੰਤਰੀ ਅਲਫੌਂਸ ਕੰਨਨਥਾਨਮ ਦੀ ਉਸ ਟਿੱਪਣੀ ਦੀ ਵੀ ਸਖਤ ਨਿਖੇਧੀ ਕੀਤੀ ਜਿਸ ਵਿੱਚ ਅਲਫੌਂਜ਼ ਨੇ ਆਖਿਆ ਸੀ ਕਿ ਜਿਹੜਾ ਵਿਅਕਤੀ ਦੋ-ਪਹੀਆ ਵਾਹਨ ਖਰੀਦ ਸਕਦਾ ਹੈ ਤਾਂ ਉਹ ਪੈਟਰੋਲ ਲਈ ਵੀ ਪੈਸੇ ਅਦਾ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਅਜੇਹੀ ਬਿਆਨਬਾਜ਼ੀ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਵਿਰੋਧੀ ਭਾਵਨਾਵਾਂ ਦਾ ਅਸਲ ਚਿਹਰਾ ਨੰਗਾ ਕਰਦੀ ਹੈ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੇ ਕੇਂਦਰ ਸਰਕਾਰ ਦੇ ਉਸ ਹੁਕਮ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਈ-ਟਰਾਂਸੈਕਸ਼ਨ ਲਈ ਲੋਕਾਂ ਨੂੰ ਪੁਲਿਸ ਵੱਲੋਂ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਹੁਕਮ ਨੂੰ ਬੇਤੁੱਕਾ ਦੱਸਿਆ।
ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ 'ਤੇ ਚੁਟਕੀ ਲੈਂਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਉਹ ਆਪਣੇ ਵਿਰੋਧੀ ਵਾਂਗ ਗੁਰਦਾਸਪੁਰ ਵਿੱਚ ਕਾਰੋਬਾਰ ਨਹੀਂ ਕਰਨਗੇ ਸਗੋਂ ਖਿੱਤੇ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਕਰਨਗੇ।
ਇਸ ਤੋਂ ਬਾਅਦ ਫਤਹਿਗੜ੍ਹ ਚੂੜੀਆਂ ਵਿਖੇ ਸ੍ਰੀ ਜਾਖੜ ਨੇ ਆਖਿਆ ਕਿ ਬਾਦਲਾਂ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ। ਉਨ੍ਹਾਂ ਨੇ ਆਖਿਆ ਕਿ 'ਰਾਜ ਨਹੀਂ ਸੇਵਾ' ਦੇ ਨਾਅਰੇ ਦੇ ਉਲਟ ਬਾਦਲਾਂ ਨੇ ਪੰਜਾਬ ਦੇ ਲੋਕਾਂ ਦੀ ਨਹੀਂ ਸਗੋਂ ਆਪਣੇ ਪਰਿਵਾਰ ਦੀ ਸੇਵਾ ਕੀਤੀ ਹੈ।