ਗੁਰਦਾਸਪੁਰ, 1 ਅਕਤੂਬਰ, 2017 : ਗੁਰਦਾਸਪੁਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚਲਾਈਆਂ ਜਾ ਰਹੀਆਂ ਹਨ ਜਦੋਂ ਕਿ ਦੂਜੇ ਉਮੀਦਵਾਰ ਚੋਣ ਪ੍ਰਚਾਰ ਵਿਚ ਪਿੱਛੜਦੇ ਨਜ਼ਰ ਆ ਰਹੇ ਹਨ। ਇਸੇ ਲੜੀ ਦੇ ਅਧੀਨ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਵੱਲੋਂ ਹਲਕਾ ਗੁਰਦਾਸਪੁਰ ਦੇ ਵੱਖ ਵੱਖ ਹਿੱਸਿਆਂ ਵਿਚ ਜਾਂਦੇ ਹੋਏ ਕਾਂਗਰਸੀ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਵੱਖ ਵੱਖ ਥਾਵਾਂ ਤੇ ਬੋਲਦੇ ਹੋਏ ਜਨਾਬ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਪਿਛਲੀ 'ਅਕਾਲੀ - ਭਾਜਪਾ' ਸਰਕਾਰ ਨੇ ਪੰਜਾਬ ਨੂੰ ਆਰਥਿਕ ਪੱਖੋਂ ਵੱਡੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੋਨੀ ਦੀ ਚਿੜੀ ਕਹਾਉਣ ਵਾਲਾ ਪੰਜਾਬ ਸੂਬਾ ਅੱਜ ਮਣਾ ਮੂੰਹੀਂ ਕਰਜ਼ੇ ਦੇ ਭਾਰ ਥੱਲੇ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਦੇ ਨਾਮ ਤੇ ਇੰਨਾ ਕਰਜ਼ਾ ਲੈ ਕੇ ਤਤਕਾਲੀਨ ਸਰਕਾਰ ਨੂੰ ਆਪਣਾ ਸਿਆਸੀ ਪੱਜ ਪੂਰਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਜੋ ਆਰਥਿਕ ਦਸ਼ਾ ਹੈ ਉਸ ਦੇ ਲਈ ਅਕਾਲੀ ਭਾਜਪਾ ਪਾਰਟੀ ਨਿਰੋਲ ਜ਼ਿੰਮੇਵਾਰ ਹੈ । ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਅੱਜ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਮੋਦੀ ਸਰਕਾਰ ਨੇ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਉਦਯੋਗਾਂ ਨੂੰ ਪੱਖਪਾਤੀ ਨੀਤੀ ਦੇ ਚਲਦੇ ਪੰਜਾਬ ਦੇ ਨਾਲ ਕਿਤੇ ਵੱਧ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ ਉੱਥੇ ਪੰਜਾਬ ਵਿਚ ਵਿਚਲੇ ਉਦਯੋਗ ਨੂੰ ਜੀ ਐੱਸ ਟੀ ਅਤੇ ਨੋਟ ਬੰਦੀ ਰਾਹੀਂ ਢਾਹ ਵੀ ਲਾਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਹਰ ਹੀਲਾ ਵਸੀਲਾ ਵਰਤ ਰਹੀ ਹੈ ਉੱਥੇ ਕੇਂਦਰ ਦੀ ਮੋਦੀ ਸਰਕਾਰ ਸਿਆਸੀ ਪੱਜਾਂ ਦੀ ਪੂਰਤੀ ਦੇ ਲਈ ਪੰਜਾਬ ਦੇ ਉਦਯੋਗਾਂ ਨੂੰ ਖ਼ਤਮ ਕਰਨ ਦੇ ਲਈ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ। ਇੱਕ ਸਵਾਲ ਦੇ ਜਵਾਬ ਵਿਚ ਜਨਾਬ ਦਿਲਬਰ ਮੁਹੰਮਦ ਖਾਨ ਨੇ ਗੁਰਦਾਸਪੁਰ ਜ਼ਿਮਨੀ ਚੋਣਾਂ ਵਿਚ ਸ਼੍ਰੀ ਸੁਨੀਲ ਜਾਖੜ ਦੀ ਜਿੱਤ ਯਕੀਨੀ ਵਿਖਾਈ ਦੇ ਲਈ ਹੈ ਅਤੇ ਇਸ ਜਿੱਤ ਵਿਚ ਹਲਕਾ ਗੁਰਦਾਸਪੁਰ ਵਿਚ ਵੱਸਦੇ ਘੱਟ ਗਿਣਤੀ ਵਰਗਾਂ ਦਾ ਅਹਿਮ ਯੋਗਦਾਨ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਦੌਰਾਨ ਜਿੱਥੇ ਹਲਕੇ ਦੇ ਲੋਕਾਂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਵਧੀਕੀਆਂ ਬਾਰੇ ਉਨ੍ਹਾਂ ਨੂੰ ਦੱਸਿਆ ਉੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਏ ਗਏ ਲੋਕ ਵਿਰੋਧੀ ਫ਼ੈਸਲਿਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਦੇ ਨਾਲ ਉਨ੍ਹਾਂ ਨੂੰ ਅੱਜ ਰੋਜੀ ਰੋਟੀ ਕਮਾਉਣ ਦੇ ਜੱਦੋ ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਕੇਂਦਰ ਦੀ ਸੱਤਾ ਵਿਚ ਲਿਆਉਣ ਦੇ ਫ਼ੈਸਲੇ ਨੂੰ ਆਪਣੀ ਸਭ ਤੋਂ ਵੱਡੀ ਗ਼ਲਤੀ ਮੰਨ ਰਹੇ ਹਨ ਕਿਉਂਕਿ ਚੋਣਾਂ ਤੋਂ ਪਹਿਲਾਂ ਵਾਲੇ ਅੱਜ ਦਿਨ ਦੇ ਸੁਫ਼ਨੇ ਹੁਣ 'ਡਰਾਉਣੇ ਸੁਫ਼ਨਿਆਂ ਵਿਚ ਤਬਦੀਲ ਹੋ ਚੁੱਕੇ ਹਨ ਅਤੇ ਕੇਂਦਰ ਵੱਲੋਂ ਲਿਆ ਗਿਆ ਹਰ ਇੱਕ ਫ਼ੈਸਲਾ ਇੱਕ ਡਰਾਉਣਾ ਸੁਫ਼ਨਾ ਜਾਪਦਾ ਹੈ। ਹੋਰਨਾਂ ਤੋ ਇਲਾਵਾ ਇਸ ਮੌਕੇ ਤੇ ਜਨਾਬ ਹਾਕਮ ਦੀਨ, ਅਹਿਮਦ ਅਲੀ ਗੁੱਡੂ ਅਤੇ ਅੱਬਾਸ ਰਾਜਾ ਪ੍ਰਧਾਨ ਲੁਧਿਆਣਾ ਦਿਹਾਤੀ ਅਤੇ ਸ਼ਹਿਰੀ, ਪ੍ਰੋ. ਜੁਨੈਦ ਖ਼ਾਨ ਅੰਮ੍ਰਿਤਸਰ, ਆਤਿਸ਼ ਖ਼ਾਨ ਰਾਜੂ, ਹਰਦਿਆਲ ਸਿੰਘ ਰੰਧਾਵਾ, ਬੀਰ ਮਸੀਹ ਜਨਰਲ ਸਕੱਤਰ ਪੰਜਾਬ, ਮਾਰਟਿਨ ਮਸੀਹ ਪ੍ਰਧਾਨ ਗੁਰਦਾਸਪੁਰ, ਮੌਲਾਨਾ ਕਲੀਮ ਆਜ਼ਾਦ ਮੀਤ ਪ੍ਰਧਾਨ, ਅਨਵਰ ਅਲੀ ਮੋਹਾਲੀ, ਅਨਵਰ ਅਲੀ ਜਨਰਲ ਸਕੱਤਰ ਲੁਧਿਆਣਾ, ਸੈਫ਼ ਮੁਹੰਮਦ ਪ੍ਰਧਾਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਜਮੀਲ ਖ਼ਾਨ ਜਨਰਲ ਸਕੱਤਰ ਪੰਜਾਬ, ਅਰੁਣ ਹੈਨਰੀ ਲੁਧਿਆਣਾ, ਹਨੀਫ਼ ਖ਼ਾਨ ਰਿੰਕੂ, ਖ਼ਾਲਿਦ ਅਲੀ ਮੀਤ ਪ੍ਰਧਾਨ ਲੁਧਿਆਣਾ, ਅਨਿਲ ਕੁਰੈਸ਼ੀ ਮੁਕਤਸਰ, ਅਰੁਣ ਜੈਨ, ਦੇ ਨਾਲ ਨਾਲ ਵੱਡੀ ਗਿਣਤੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਵਰਕਰ ਹਾਜ਼ਰ ਸਨ।