← ਪਿਛੇ ਪਰਤੋ
ਸੁਜਾਨਪੁਰ (ਪਠਾਨਕੋਟ), 3 ਅਕਤੂਬਰ, 2017 : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਖੇਤੀ ਸਾਜ਼ੋ-ਸਾਮਾਨ ਅਤੇ ਹੋਰ ਸਬੰਧਤ ਵਸਤਾਂ ’ਤੇ ਜੀ.ਐਸ.ਟੀ. ਲਾਉਣ ਦਾ ਫੈਸਲਾ ਪਹਿਲਾਂ ਹੀ ਸੰਕਟ ਨਾਲ ਜੂਝ ਰਹੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਦੇਵੇਗੀ। ਮੰਗਲਵਾਰ ਨੂੰ ਇੱਥੇ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਦੁੱਕੀ ਦੀ ਸਹਾਇਤਾ ਨਾ ਦੇ ਕੇ ਉਨਾਂ ਦਾ ਜੀਵਨ ਤਬਾਹ ਕਰ ਦਿੱਤਾ ਜਦਕਿ ਦੂਜੇ ਪਾਸੇ ਮੋਦੀ ਸਰਕਾਰ ਨੇ ਕਿਸਾਨ ਤੇ ਗਰੀਬ ਵਿਰੋਧੀ ਨੀਤੀਆਂ ਘੜ ਕੇ ਇਨਾਂ ਨੂੰ ਦੁੱਖਾਂ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਣਕ ਦੇ ਆਟੇ ’ਤੇ ਵੀ ਜੀ.ਐਸ.ਟੀ. ਲਾ ਦੇਣ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਗਰੀਬ ਵਿਰੋਧੀ ਕਦਮ ਦੱਸਿਆ। ਉਨਾਂ ਕਿਹਾ ਕਿ ਮੋਦੀ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤ ਪਾਲਣ ’ਤੇ ਪਹਿਰਾ ਦੇ ਰਹੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਅਕਾਲੀਆਂ ਨੇ ਕਦੇ ਵੀ ਕੇਂਦਰ ਸਰਕਾਰ ਕੋਲ ਮੰੂਹ ਨਹੀਂ ਖੋਲਿਆ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਦਾ ਹੀ ਕਾਰਜਸ਼ੀਲ ਰਹੀ ਹੈ। ਉਨਾਂ ਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਲਏ ਫੈਸਲੇ ਦੀ ਸ਼ਲਾਘਾ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਅਤੇ ਇਸ ਨੂੰ ਲਾਹੇਵੰਦ ਬਣਾਉਣ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਕਾਲੀ ਦੇ ਇਕ ਦਹਾਕੇ ਦੇ ਸ਼ਾਸਨਕਾਲ ਦੌਰਾਨ ਨਾ ਤਾਂ ਕਿਸਾਨਾਂ ਨੂੰ ਉਨਾਂ ਦੀ ਪੈਦਾਵਾਰ ਦਾ ਪੂਰਾ ਮੁੱਲ ਮਿਲਿਆ ਅਤੇ ਨਾ ਹੀ ਕਣਕ ਤੇ ਝੋਨੇ ਦੀ ਨਿਰਵਿਘਨ ਖਰੀਦ ਹੋਈ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ-2004 ਲਿਆਂਦਾ ਸੀ ਅਤੇ ਬਾਅਦ ਵਿੱਚ ਵੀ ਪੰਜਾਬ ਦਾ ਇਕ ਤੁਪਕਾ ਪਾਣੀ ਵੀ ਬਾਹਰ ਨਾ ਜਾਣ ਦੇਣ ਲਈ ਸਖ਼ਤ ਸਟੈਂਡ ਲਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਕਿਹਾ ਕਿ ਇਕ ਪਾਸੇ ਤਾਂ ਜੀ.ਐਸ.ਟੀ. ਨੇ ਵਪਾਰਕ ਤੇ ਕਾਰੋਬਾਰੀ ਭਾਈਚਾਰੇ ਤੋਂ ਇਲਾਵਾ ਸਮਾਜ ਦੇ ਬਾਕੀ ਵਰਗਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਜਦਕਿ ਦੂਜੇ ਪਾਸੇ ਨੋਟਬੰਦੀ ਦੇ ਫੈਸਲੇ ਨੇ ਮੁਲਕ ਦੀ ਆਰਥਿਕਤਾ ਨੂੰ ਲੀਹੋਂ ਲਾਹ ਦਿੱਤਾ ਹੈ। ਜਾਖੜ ਨੇ ਕਿਹਾ ਕਿ ਨੋਟਬੰਦੀ ਨਾਲ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ। ਇਸ ਮਾਰੂ ਫੈਸਲੇ ਦੇ ਨਾਲ ਤਕਰੀਬਨ 200 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਰਿਪੋਰਟਾਂ ਦੇ ਅਨੁਸਾਰ ਨੋਟਬੰਦੀ ਦਾ ਪ੍ਰਭਾਵ ਅਗਲੇ ਹੋਰ ਤਿੰਨ ਸਾਲ ਲਗਾਤਾਰ ਜਾਰੀ ਰਹੇਗਾ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਲੋਕਾਂ ਨੂੰ ਜਵਾਬਦੇਹ ਹਨ। 15 ਲੱਖ ਕਰੋੜ ਰੁਪਏ ਚੱਲਣ ਵਿੱਚ ਹੋਣ ਦੇ ਬਾਵਜੂਦ ਬੈਂਕ ਖਾਤਿਆਂ ਵਿੱਚ 16 ਲੱਖ ਕਰੋੜ ਰੁਪਏ ਵਾਪਸ ਆਉਣ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਨਕਲੀ ਕਰੰਸੀ ਵੀ ਇਸ ਦੌਰਾਨ ਪ੍ਰਵਾਨ ਕੀਤੀ ਗਈ। ਉਨਾਂ ਨੇ ਕਾਲੇ ਧਨ ਅਤੇ ਜਾਅਲੀ ਕਰੰਸੀ ਦੇ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਆਪਣਾ ਪੱਖ ਦੱਸੇ ਜਾਣ ਦੀ ਮੰਗ ਕੀਤੀ। ਜਾਖੜ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਨੂੰ ਦੋ ਕਰੋੜ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਰੁਜ਼ਗਾਰ ਐਕਸਚੇਂਜ ਦੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹਰ ਮਹੀਨੇ 10 ਲੱਖ ਬੇਰੁਜ਼ਗਾਰ ਨੌਜਵਾਨ ਆਪਣੇ ਨਾਂ ਦਰਜ ਕਰਾਉਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਲਾਨਾ 1.2 ਕਰੋੜ ਨੌਜਵਾਨ ਐਕਸਚੇਂਜਾਂ ਵਿੱਚ ਰਜਿਸਟਰ ਹੋ ਰਹੇ ਹਨ। ਇਸ ਦੇ ਮੁਕਾਬਲੇ ਪਿਛਲੇ ਤਿੰਨ ਸਾਲਾਂ ਦੌਰਾਨ ਔਸਤਨ ਕੇਵਲ 1.5 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਮੋਦੀ ਦੇ 56 ਇੰਚ ਦੇ ਸੀਨੇ ’ਤੇ ਤਨਜ਼ ਕੱਸਦੇ ਹੋਏ ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰ ਸਰਹੱਦ ਪਾਰੋਂ ਹੋ ਰਹੀ ਘੁਸਪੈਠ ਨੂੰ ਰੋਕਣ ਵਿੱਚ ਬੁਰੀ ਤਰਾਂ ਨਾਕਾਮ ਰਹੀ ਹੈ। ਰੋਜ਼ਾਨਾ ਚਾਰ ਜਵਾਨਾਂ ਨੂੰ ਸ਼ਹੀਦੀ ਦੇਣੀ ਪੈ ਰਹੀ ਹੈ ਜਦਕਿ ਇਕ ਜ਼ੁਮਲੇਬਾਜ਼ ਅਤੇ ਫੇਕੂ ਦੇਸ਼ ਦੀ ਸਰਕਾਰ ਚਲਾ ਰਿਹਾ ਹੈ। ਜਾਖੜ ਨੇ ਦਲਿਤ ਭਾਈਚਾਰੇ ਵਿਰੁੱਧ ਵੱਧ ਰਹੇ ਜੁਰਮਾਂ ਲਈ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਦੱਬੇ-ਕੁਚਲੇ ਵਰਗਾਂ ਲਈ ਉਠਾਏ ਕਦਮਾਂ ਦਾ ਜ਼ਿਕਰ ਕੀਤਾ। ਸੂਬੇ ਦੇ ਸਰਬਾਂਗੀ ਵਿਕਾਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਹਿਲਾਂ ਹੀ ਕੀਤੀ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਅਗਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦੇ ਸ਼ਾਨਾਮੱਤੇ ਦਿਨ ਵਾਪਸ ਆ ਜਾਣਗੇ। ਜਾਖੜ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਕਾਂਗਰਸ ਦੇ ਹੱਕ ’ਚ ਵੋਟ ਪਾਉਣ ਅਤੇ ਭਾਜਪਾ ਦੇ ਸਵਰਨ ਸਲਾਰੀਆ ਨੂੰ ਰੱਦ ਕਰਨ ਦਾ ਸੱਦਾ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਨੇ ਮਹਾਜਨ ਵੀ ਮੀਟਿੰਗਾਂ ਵਿੱਚ ਹਾਜ਼ਰ ਸਨ।
Total Responses : 265