ਗੁਰਦਾਸਪੁਰ, 6 ਅਕਤੂਬਰ, 2017 : ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਵਾਅਦਿਆਂ ਤੋਂ ਮੁਕਰਨ ਵਾਲੀਆਂ ਧੋਖੇਬਾਜ਼ ਪਾਰਟੀਆਂ ਦੱਸਦੇ ਹੋਏ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਲੋਕ ਦੋਵਾਂ ਪਾਰਟੀਆਂ ਕੋਲੋਂ ਬਹੁਤ ਵਾਰ ਧੋਖੇ ਖਾ ਚੁੱਕੇ ਹਨ, ਇਸ ਲਈ ਇਸ ਚੋਣ ‘ਚ ਹੋਰ ਧੋਖਾ ਨਾ ਖਾਣ।
ਗੁਰਦਾਸਪੁਰ ਨੇੜਲੇ ਪਿੰਡ ਜੋੜੇ ਛਿਤਰਾਂ, ਭੁੰਬਲੀ ਅਤੇ ਨਵਾਂ ਪਿੰਡ ਬਾਹੀਆਂ ਵਿਖੇ ‘ਆਪ‘ ਉਮੀਦਵਾਰ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਅਤੇ ਸਹਿ-ਪ੍ਰਧਾਨ ਅਮਨ ਅਰੋੜਾ ਦੀ ਮੌਜੂਦਗੀ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਹਰ ਚੋਣ ਮੌਕੇ ਵੱਡੇ-ਵੱਡੇ ਸਬਜ਼ਬਾਗ ਦਿਖਾਉਂਦੇ ਹਨ ਪਰ ਚੋਣਾਂ ਜਿੱਤਣ ਪਿੱਛੋਂ ਮੁਕਰ ਜਾਂਦੇ ਹਨ। ਨਾ ਖੁਦ ਨਜ਼ਰ ਆਉਂਦੇ ਹਨ ਨਾ ਵਿਕਾਸ ਨਜ਼ਰ ਆਇਆ ਹੈ। 70 ਸਾਲਾਂ ‘ਚ ਸਮੱਸਿਆਵਾਂ ਤੇ ਮੁਸ਼ਕਲਾਂ ਘਟਣ ਦੀ ਥਾਂ ਵਧੀਆਂ ਹਨ। ਇਸ ਲਈ ਇਸ ਵਾਰ ਨਵੇਂ ਰਾਹ ‘ਤੇ ਚੱਲਦਿਆਂ ਆਮ ਆਦਮੀ ਪਾਰਟੀ ਨੂੰ ਪਰਖ ਕੇ ਦੇਖੋ ਜੋ ਜਿੰਨਾ ਕੁ ਵਾਅਦਾ ਕਰਦੀ ਹੈ ਉਸ ਤੋਂ ਵੱਧ ਕਰਕੇ ਦਿਖਾਉਣ ਦੀ ਨੀਅਤ ਰੱਖਦੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਸ ਗੱਲ ਦੀ ਜਿੰਦਾ ਮਿਸਾਲ ਹੈ। ਉਨਾਂ ਅਪੀਲ ਕੀਤੀ ਕਿ ਉਹ ਜਦ ਵੀ ਦਿੱਲੀ ਜਾਣ ਤਾਂ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਅੱਖੀਂ ਦੇਖ ਕੇ ਆਓ ਕਿ ਕਿਸ ਤਰਾਂ ਸਕੂਲਾਂ, ਹਸਪਤਾਲਾਂ ਦੀ ਕਾਇਆ ਕਲਪ ਕੀਤੀ ਗਈ ਹੈ। ਭਗਵੰਤ ਮਾਨ ਨੇ ਅਕਾਲੀ ਭਾਜਪਾ ਅਤੇ ਕਾਂਗਰਸੀਆਂ ਦੇ ਆਪਸ ‘ਚ ਮਿਲੇ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਤੇ ਘਰ-ਘਰ ਨੌਕਰੀਆਂ ਵਰਗੇ ਵਾਅਦਿਆਂ ਤੋਂ ਤਾਂ ਮੁੱਕਰੇ ਹੀ ਹਨ, ਡਰੱਗ ਮਾਫੀਆ, ਲੈਂਡ ਤੇ ਸੈਂਡ ਮਾਫੀਆ, ਕੇਬਲ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੇ ਵਾਅਦੇ ਤੋਂ ਵੀ ਮੁਕਰੇ ਹਨ, ਜਦਕਿ ਇਨਾਂ ‘ਤੇ ਕਾਰਵਾਈ ਕਰਨ ਲਈ ਪੰਝੀ ਵੀ ਖਰਚ ਨਹੀਂ ਸੀ ਹੋਈ।
ਇਸ ਮੌਕੇ ਸਹਿ-ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਮਾਝੇ ਦੇ ਅਣਖੀ ਲੋਕ ਕਾਂਗਰਸ ਅਤੇ ਭਾਜਪਾ ਨੂੰ ਸਬਕ ਸਿਖਾਉਣ ਦਾ ਇਹ ਸੁਨਹਿਰਾ ਮੌਕਾ ਹੱਥੋਂ ਨਹੀਂ ਜਾਣ ਦੇਣਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਸਰਕਾਰਾਂ ਨੇ ਵਾਅਦਿਆਂ ਤੋਂ ਮੁਕਰ ਕੇ ਜਨਤਾ ਨਾਲ ਗਦਾਰੀ ਕੀਤੀ ਹੈ। ਅਰੋੜਾ ਨੇ ਕਿਹਾ ਕਿ ਸੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦਿਆਂ ਤੋਂ ਭੱਜਣ ਵਾਲਿਆਂ ਨੂੰ ਗੁਰਦਾਸਪੁਰ ਦੇ ਲੋਕ ਮਾਫ ਨਹੀਂ ਕਰਨਗੇ। ਉਨਾਂ ਅਪੀਲ ਕੀਤੀ ਕਿ ਗੁਰਦਾਸਪੁਰ ਦੇ ਸੂਝਵਾਨ ਵੋਟਰ ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਿਰਦਾਰ ਅਤੇ ਰਿਕਾਰਡ ਨੂੰ ਨਾਪ ਤੋਲ ਕੇ ਵੋਟ ਪਾਉਣ ਦਾ ਫੈਸਲਾ ਲੈਣ। ਉਨਾਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਅਬੋਹਰ ਅਤੇ ਫਿਰੋਜਪੁਰ ਦੀ ਜਨਤਾ ਵਲੋਂ ਰੱਦ ਕੀਤਾ ਜਾ ਚੁੱਕਿਆ ਹੈ ਅਤੇ ਕਾਂਗਰਸ ਨੇ ਜਾਖੜ ਨੂੰ 300 ਕਿਲੋਮੀਟਰ ਦੂਰੋਂ ਇਥੋਂ ਦੇ ਲੋਕਾਂ ‘ਤੇ ਥੋਪ ਦਿੱਤਾ। ਜਦਕਿ ਸਵਰਨ ਸਲਾਰੀਆ ਦੇ ਕਿਰਦਾਰ ਅੱਜ ਕੱਲ ਅਖਬਾਰਾਂ ਦੀਆਂ ਸੁਰਖੀਆਂ ਬਣਿਆਂ ਹੋਇਆਂ ਹਨ।
ਇਸ ਮੌਕੇ ਜਨਰਲ ਸੁਰੇਸ਼ ਖਜੂਰੀਆਂ ਨੇ ਸਥਾਨਕ ਵਸ਼ਿੰਦਾ ਹੋਣ ਦੇ ਨਾਤੇ 24 ਘੰਟੇ ਸੇਵਾ ‘ਚ ਹਾਜਰ ਰਹਿਣ ਦਾ ਵਾਅਦਾ ਕਰਦਿਆਂ ਕਿਹਾ ਕਿ ਇਸ ਵਾਰ ਕਾਂਗਰਸੀਆਂ-ਭਾਜਪਾ ਪਾਰਟੀਆਂ ਦੀ ਥਾਂ ਉਨਾਂ ਨੂੰ ਪਰਖ ਕੇ ਦੇਖਣ। ਉਨਾਂ ਕਿਹਾ ਕਿ 60 ਸਾਲ ਬਾਹਰੀ ਉਮੀਦਵਾਰਾਂ ਦੀ ਨੁਮਾਇੰਦਗੀ ਕਾਰਨ ਗੁਰਦਾਸਪੁਰ-ਪਠਾਨਕੋਟ ਅੱਜ ਸਭ ਤੋਂ ਪਿਛੜਿਆ ਹਲਕਾ ਬਣ ਗਿਆ ਹੈ।
ਇਸ ਮੌਕੇ ਸਟੇਟ ਸਕੱਤਰ ਗੁਲਸ਼ਨ ਛਾਬੜਾ, ਵਿਧਾਇਕ ਪਿਰਮਲ ਸਿੰਘ ਤੇ ਮਨਜੀਤ ਸਿੰਘ ਬਿਲਾਸਪੁਰ, ਸੀਨੀਅਰ ਆਗੂ ਦਲਬੀਰ ਸਿੰਘ ਢਿਲੋਂ, ਕਾਲਾ ਢਿੱਲੋਂ, ਅਮਰਜੀਤ ਸਿੰਘ ਚਹਿਲ, ਕਰਨਬੀਰ ਸਿੰਘ ਟਿਵਾਣਾ, ਜੋਬਨਪ੍ਰੀਤ ਸਿੰਘ ਲਵਲੀ, ਵਿਕਰਾਂਤ , ਰਾਜਵੀਰ ਸਿੰਘ, ਵਿਜੈ ਕੁਮਾਰ, ਰੰਜਨ, ਅਮਰਨਾਥ, ਤਰਲੋਚਨ ਸਿੰਘ ਅਤੇ ਹੋਰ ਆਗੂ ਮੌਜੂਦ ਸਨ।