ਚੰਡੀਗੜ੍ਹ, 5 ਅਕਤੂਬਰ, 2017 : ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਸਲ ਮੁੱਦਿਆਂ ਤੇ ਸਰਕਾਰ ਦੀ ਪੂਰਨ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕੋਝੀਆਂ ਹਰਕਤਾਂ 'ਤੇ ਉਤਰ ਆਈ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖਜਾਨਚੀ ਤੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੇ ਇਹ ਮਹਿਸੂਸ ਕੀਤਾ ਕਿ ਇਸਦੀ ਪੂਰਨ ਅਸਫਲਤਾ ਗੁਰਦਾਸਪੁਰ ਚੋਣ ਦਾ ਮੁੱਖ ਮੁੱਦਾ ਹੈ ਅਤੇ ਇਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਗੁੰਮਰਾਹ ਕਰਨ ਬਦਲੇ ਸਬਕ ਸਿਖਾਉਣ ਦਾ ਮਨ ਲੋਕਾਂ ਨੇ ਬਣਾ ਲਿਆ ਹੈ ਤਾਂ ਇਸਨੇ ਨਵੀਂ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਤੇ ਹੋਛੀਆਂ ਹਰਕਤਾਂ 'ਤੇ ਉਤਰ ਆਈ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਹ ਯਤਨ ਕਦੇ ਵੀ ਸਫਲ ਨਹੀਂ ਹੋਣਗੇ ਕਿਉਂਕਿ ਲੋਕਾਂ ਸਾਹਮਣੇ ਇਸਦਾ ਪਰਦਾਫਾਸ਼ ਹੋ ਚੁੱਕਾ ਹੈ ਤੇ ਸੂਬੇ ਦੇ ਸਿਆਣੇ ਲੋਕ ਗੁਰਦਾਸਪੁਰ ਚੋਣ ਵਿਚ ਇਸ ਪੜਾਅ 'ਤੇ ਇਸ ਵੱਲੋਂ ਅਪਣਾਏ ਜਾ ਰਹੇ ਹੱਥਕੰਡਿਆਂ ਤੋਂ ਭਲੀ ਭਾਂਤ ਜਾਣੂ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੇ ਕਾਂਗਰਸ ਪਾਰਟੀ ਦੇ ਰਾਜ ਵਿਚ ਲੋਕਾਂ ਨੇ ਵੱਡਾ ਸੰਤਾਪ ਹੰਢਾਇਆ ਹੈ ਤੇ ਸਰਕਾਰ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਕਰਨ ਵਿਚ ਸਫਲ ਨਹੀਂ ਹੋਈ। ਉਹਨਾਂ ਕਿਹਾ ਕਿ ਇਸਨੇ ਕਰਜ਼ਾ ਮੁਆਫੀ ਦੇ ਮਾਮਲੇ 'ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਖੇਤੀਬਾੜੀ ਖੇਤਰ ਲਈ ਬਿਜਲੀ ਦੇ ਬਿੱਲ ਲਾਗੂ ਕਰਨ ਦੀ ਤਿਆਰੀ ਚਲ ਰਹੀ ਹੈ। ਉਹਨਾਂ ਕਿਹਾ ਕਿ ਇਹੀ ਹਾਲ ਸਮਾਜ ਦੇ ਹੋਰ ਵਰਗਾਂ ਖਾਸ ਤੌਰ 'ਤੇ ਸਰਕਾਰੀ ਮੁਲਾਜ਼ਮਾਂ ਦਾ ਹੈ ਜੋ ਆਪਣੀਆਂ ਤਨਖਾਹਾਂ ਨੂੰ ਤਰਸ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਨਹੀਂ ਹੋਇਆ ਕਿ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲੀ ਹੋਵੇ ਪਰ ਕਾਂਗਰਸ ਸਰਕਾਰ ਨੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਉਹਨਾਂ ਕਿਹਾ ਕਿ ਤਿਓਹਾਰਾਂ ਦੇ ਸੀਜ਼ਨ ਵਿਚ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ ਵੱਖ ਵੱਖ ਸੰਸਥਾਵਾਂ ਤੋਂ ਕਰਜ਼ੇ ਲੈ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਵੱਖ ਵੱਖ ਵਰਗਾਂ ਦੀਆਂ ਪੈਨਸ਼ਨਾ ਵਿਚ ਵਾਧੇ ਦੇ ਵਾਅਦੇ ਵੀ ਗਲਤ ਸਾਬਤ ਹੋ ਰਹੇ ਹਨ ਤੇ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਵਿਚੋਂ ਵੱਡੀ ਗਿਣਤੀ ਦੇ ਨਾਮ ਸੂਚੀ ਵਿਚੋਂ ਕੱਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜੋ ਸੂਚੀ ਵਿਚ ਰਹਿ ਗਏ ਹਨ, ਉਹਨਾਂ ਨੂੰ ਵੀ ਸਕੀਮ ਤਹਿਤ ਸਮਾਨ ਨਹੀਂ ਮਿਲਿਆ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੂੰ ਰਾਜ ਦੇ ਲੋਕਾਂ ਦੀ ਨਬਜ਼ ਪਛਾਣਨੀ ਚਾਹੀਦੀ ਹੈ ਤੇ ਮੰਤਰਾਲਾ ਚਲਾਉਣ ਦੇ ਨਾਲ ਨਾਲ ਸਰਕਾਰ ਚਲਾਉਣ ਵਿਚ ਵੀ ਆਪਣੀ ਪੂਰੀ ਅਸਫਲਤਾ ਕਬੂਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਇਹ ਮਹਿਸੂਸ ਕੀਤਾ ਕਿ ਲੋਕਾਂ ਨੇ ਉਹਨਾਂ ਤੋਂ ਹੁਣ ਜਵਾਬ ਮੰਗਣੇ ਸ਼ੁਰੂ ਕਰ ਦਿੱਤੇ ਹਨ ਤਾਂ ਉਹਨਾਂ ਨੇ ਗੁਰਦਾਸਪੁਰ ਦੀ ਥਾਂ ਹੋਰ ਸ਼ਹਿਰਾਂ ਵਿਚ ਸ਼ਰਣ ਲੈਣੀ ਸ਼ੁਰੂ ਕਰ ਦਿੱਤੀ ਹੈ ਪਰ ਉਹਨਾਂ ਦੀ ਕੋਝੀ ਹਰਕਤ ਬੇਨਕਾਬ ਹੋ ਚੁੱਥੀ ਹੈ ਤੇ ਉਹਨਾਂ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਲੋਕਾਂ ਨੇ ਇਸ ਚੋਣ ਵਿਚ ਉਮਰ ਭਰ ਦਾ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ।