ਗੁਰਦਾਸਪੁਰ, 4 ਅਕਤੂਬਰ, 2017
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਪੱਧਰ ਗੱਪੀ ਦੱਸਿਆ। ਲੋਕਾਂ ਨੂੰ ਗੁੰਮਰਾਹ ਕਰਨ ਲਈ ਦੋਵਾਂ ਨੇ ਗੱਪ ਮਾਰਨ ਦੀਆਂ ਸਾਰੀਆਂ ਹੱਦਾਂ ਟੱਪੀਆਂ ਸਨ, ਪਰ ਸੱਤਾ ਸੰਭਾਲਣ ਪਿੱਛੋਂ ਇਨ੍ਹਾਂ ਦੇ ਸਾਰੇ ਚੋਣ ਵਾਅਦੇ ਝੂਠੇ ਲਾਰੇ ਸਾਬਤ ਹੋਏ।
ਭਗਵੰਤ ਮਾਨ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਪੰਡੋਰੀ ਬੈਂਸਾਂ ਵਿਖੇ 'ਆਪ' ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ਵਿਚ ਇੱਕ ਪ੍ਰਭਾਵਸ਼ਾਲੀ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀ ਲੈਂਦਿਆਂ ਕਿਹਾ ਕਿ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਲਿਖਤੀ ਵਾਅਦੇ ਕੀਤੇ ਸਨ, ਇੱਕ ਵੀ ਪੂਰਾ ਨਹੀਂ ਕੀਤਾ ਜਦਕਿ ਕਾਂਗਰਸ ਦੀ ਸਰਕਾਰ ਬਣੇ ਨੂੰ ਸੱਤ ਮਹੀਨੇ ਹੋਣ ਲੱਗੇ ਹਨ। ਕੈਪਟਨ ਦੀ ਇਸ ਵਾਅਦਾ ਖਿਲਾਫੀ ਦੀ ਬਦੌਲਤ ਹਰ ਰੋਜ਼ 2-4 ਕਿਸਾਨਾਂ ਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਘਰ-ਘਰ ਸਰਕਾਰੀ ਨੌਕਰੀ ਦਾ ਵਾਅਦਾ ਕੋਰਾ ਝੂਠ ਸਾਬਤ ਹੋਇਆ ਅਤੇ ਹਰ ਰੋਜ਼ ਹਜ਼ਾਰਾਂ ਬੇਰੁਜ਼ਗਾਰ ਓਵਰਏਜ ਹੋਣ ਕਾਰਨ ਘੋਰ ਨਿਰਾਸ਼ਾ ਦੇ ਦੌਰ 'ਚੋਂ ਲੰਘ ਰਹੇ ਹਨ। ਬਜ਼ੁਰਗ, ਵਿਧਵਾਵਾਂ ਤੇ ਅਪੰਗ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਵਾਅਦਾ ਨਾ ਪੂਰਾ ਕਰਨ 'ਤੇ ਖ਼ਫ਼ਾ ਹਨ ਅਤੇ ਨੌਜਵਾਨ ਸਮਾਰਟ ਫ਼ੋਨ ਅਤੇ ਬੇਰੁਜ਼ਗਾਰੀ ਭੱਤੇ ਵਾਲੇ ਲਾਰੇ ਕਾਰਨ ਠੱਗੇ ਮਹਿਸੂਸ ਕਰ ਰਹੇ ਹਨ।
ਭਗਵੰਤ ਮਾਨ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਸਰਕਾਰ ਬਣਦਿਆਂ ਹੀ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਤਰਸ ਦੇ ਆਧਾਰ 'ਤੇ ਡੀ.ਐਸ.ਪੀ ਦੀ ਨੌਕਰੀ ਉਮਰ ਦੀ ਹੱਦ ਟੱਪਣ (ਓਵਰਏਜ) ਹੋਣ ਦੇ ਬਾਵਜੂਦ ਦਿੱਤੀ ਅਤੇ ਪਿਛਲੇ ਮਹੀਨੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ 84 ਲੱਖ ਰੁਪਏ ਦਾ ਭਰਿਆ ਜਾ ਚੁੱਕਾ ਜੁਰਮਾਨਾ ਸਰਕਾਰੀ ਖਜਾਨੇ 'ਚੋਂ ਵਾਪਸ ਕਰਵਾ ਦਿੱਤਾ, ਕੀ ਇਹ ਦੋਨੋਂ ਪਰਿਵਾਰ 'ਗਰੀਬ' ਪਰਿਵਾਰ ਹਨ? ਕੀ ਅੱਜ ਤੱਕ ਕਿਸੇ ਆਮ ਆਦਮੀ ਦਾ ਭਰਿਆ ਹੋਇਆ ਜੁਰਮਾਨਾ ਵਾਪਸ ਹੋਇਆ ਹੈ?
ਮਾਨ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਬਾਰੇ ਕਿਹਾ ਕਿ ਜਾਖੜ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਅਬੋਹਰ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਹੈ, ਪਰ ਹਾਲ ਹੀ ਦੌਰਾਨ ਹੋਏ ਸਰਵੇਖਣ 'ਚ ਅਬੋਹਰ ਨੂੰ ਸਭ ਤੋਂ ਗੰਦੇ ਸ਼ਹਿਰਾਂ ਵਿਚ ਗਿਣਿਆ ਗਿਆ ਹੈ, ਜੋ ਵਿਅਕਤੀ ਅਬੋਹਰ ਦਾ ਵਿਕਾਸ ਨਹੀਂ ਕਰ ਸਕਿਆ ਗੁਰਦਾਸਪੁਰ ਹਲਕੇ ਲੋਕਾਂ ਨੂੰ ਉਸਤੋਂ ਉਮੀਦ ਨਹੀਂ ਰੱਖਣੀ ਚਾਹੀਦੀ।
ਮਾਨ ਨੇ ਕਾਂਗਰਸ ਅਤੇ ਭਾਜਪਾ ਨੂੰ ਇੱਕ ਦੂਜੇ ਤੋਂ ਵੱਡੀਆਂ ਲਾਰੇਬਾਜ਼ ਅਤੇ ਜੁਮਲੇਬਾਜ ਪਾਰਟੀਆਂ ਦੱਸਿਆ ਅਤੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਅਤੇ ਜਨਰਲ ਖਜੂਰੀਆ ਨੂੰ ਵੋਟ ਦੇਣ ਦੀ ਅਪੀਲ ਕੀਤੀ।
ਮਾਨ ਨੇ ਇਸ ਇਲਾਕੇ ਦੀਆਂ ਟੁੱਟੀਆਂ ਅਤੇ ਤਰਸਯੋਗ ਸੜਕਾਂ ਦਾ ਹਵਾਲਾ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਕਾਸ ਦੇ ਦਾਅਵਿਆਂ ਦੀ ਖਿੱਲੀ ਉਡਾਈ। ਮਾਨ ਨੇ ਬਾਦਲਾਂ ਅਤੇ ਕੈਪਟਨ ਦੇ ਮਿਲੇ ਹੋਣ ਦੀਆਂ ਉਦਾਹਰਨ ਗਿਣਾਉਂਦੇ ਹੋਏ ਦੱਸਿਆ ਕਿ ਟਰਾਂਸਪੋਰਟ ਤੇ ਰੇਤਾ-ਬਜਰੀ ਸਮੇਤ ਸਾਰੇ ਮਾਫੀਆ ਜਿਉਂ ਦਾ ਤਿਉਂ ਚੱਲ ਰਹੇ ਹਨ। ਸਿਰਫ ਗੁੰਡਾ ਪਰਚੀ ਵਸੂਲਣ ਵਾਲੇ ਕਰਿੰਦੇ ਬਦਲੇ ਹਨ।
ਇਸ ਮੌਕੇ ਜਨਰਲ ਖਜੂਰੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਕੋਲ ਰਾਜਨੀਤੀ ਨੂੰ ਖਾਨਦਾਨੀ ਧੰਦਾ ਬਣਾ ਚੁੱਕੇ ਲੋਕਾਂ ਨੂੰ ਸਬਕ ਸਿਖਾਉਣ ਦਾ ਸੁਨਹਿਰਾ ਮੌਕੇ ਮਿਲਿਆ ਹੈ। ਉਨ੍ਹਾਂ ਇੱਕੋ ਇੱਕ ਸਥਾਨਕ ਉਮੀਦਵਾਰ ਹੋਣ ਦੇ ਨਾਤੇ 24 ਘੰਟੇ ਇਲਾਕੇ ਦੀ ਸੇਵਾ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ 'ਆਪ' ਵਿਧਾਇਕ ਰੁਪਿੰਦਰ ਕੌਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ, ਪਿਰਮਲ ਸਿੰਘ ਧੌਲਾ ਨੇ ਵੀ ਸੰਬੋਧਨ ਕੀਤਾ ਜਦਕਿ ਇਸ ਮੌਕੇ ਸੀਨੀਅਰ ਆਪ ਆਗੂ ਗੁਰਪ੍ਰੀਤ ਸਿੰਘ ਲਾਪਰਾਂ, ਹਕੀਕਤ ਰਾਏ, ਭੁਪਿੰਦਰ ਗੋਰਾ, ਕੇਵਲ ਸੰਘਾ, ਐਸ.ਜੀ.ਪੀ. ਸੀ ਮੈਂਬਰ ਸੁਰਜੀਤ ਸਿੰਘ ਗੜੀ, ਡਾ. ਰਵਜੋਤ ਸਿੰਘ, ਸਥਾਨਕ ਆਗੂ ਨਰੇਸ਼ ਕੁਮਾਰ ਕਲੀਪੁਰ, ਜੋਗਿੰਦਰਪਾਲ ਪੰਡੋਰੀ ਬੈਂਸਾਂ, ਲਖਵਿੰਦਰ ਸਿੰਘ, ਮੀਨਾ ਬਾਲਾ, ਕੁਲਦੀਪ ਕੁਮਾਰ, ਸੰਜੀਵ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ।