← ਪਿਛੇ ਪਰਤੋ
ਨਵੀਂ ਦਿੱਲੀ, 17 ਸਤੰਬਰ, 2017 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਬੈਠਕ ਕਰਕੇ ਅਗਾਮੀ ਗੁਰਦਾਸਪੁਰ ਉਪ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਬੈਠਕ ਦੌਰਾਨ ਲੋਕ ਸਭਾ ਹਲਕੇ ਦੇ ਸਿਆਸੀ ਹਲਾਤਾਂ ਦੇ ਚਰਚਾ ਤੋਂ ਇਲਾਵਾ ਪਾਰਟੀ ਊਮੀਦਵਾਰ ਦੀ ਚੋਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਇਸੇ ਸਾਲ ਦੇ ਸ਼ੁਰੂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਤਰਜ ਤੇ ਊਮੀਦਵਾਰ ਦੀ ਚੋਣ ਦਾ ਅਧਾਰ ਕੇਵਲ ਮੈਰਿਟ ਹੀ ਹੋਵੇਗਾ ਪਰ ਨਾਲ ਹੀ ਊਮੀਦਵਾਰੀ ਸਬੰਧੀ ਅੰਤਿਮ ਨਿਰਣਾ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਛੱਡ ਦਿੱਤਾ ਗਿਆ। ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਬੈਠਕ ਦੌਰਾਨ ਤਿੰਨੋਂ ਆਗੂ ਇਸ ਗੱਲ ਤੇ ਸਹਿਮਤ ਸਨ ਕਿ ਕਿਸੇ ਲੋਕਪ੍ਰਿਆ ਅਤੇ ਸਾਫ ਛਵੀ ਵਾਲੇ ਆਗੂ ਨੂੰ ਹੀ ਗੁਰਦਾਸਪੁਰ ਸੀਟ ਤੋਂ ਊਮੀਦਵਾਰ ਬਣਾਇਆ ਜਾਵੇ। ਪਾਰਟੀ ਨੂੰ ਪੁਰਾ ਭਰੋਸਾ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਇਹ ਸੀਟ ਇਸ ਵਾਰ ਅਸਾਨੀ ਨਾਲ ਜਿੱਤੀ ਜਾ ਸਕੇਗੀ। ਗੁਰਦਾਸਪੁਰ ਲੋਕ ਸਭਾ ਸੀਟ ਇੱਥੇ ਭਾਜਪਾ ਦੇ ਸਾਂਸਦ ਵਿਨੋਦ ਖੰਨਾ ਦੀ ਅਪ੍ਰੈਲ ਵਿਚ ਹੋਈ ਬੇਵਕਤੀ ਮੌਤ ਨਾਲ ਖਾਲੀ ਹੋਈ ਸੀ। ਕਾਂਗਰਸ ਪਾਰਟੀ ਗੁਰਦਾਸਪੁਰ ਉਪ ਚੋਣ ਵਿਚ ਵਿਕਾਸ ਦੇ ਏਂਜਡੇ ਤੇ ਚੋਣ ਲੜੇਗੀ। ਇਸ ਉਪ ਚੋਣ ਲਈ 15 ਸਤੰਬਰ ਨੂੰ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਇੱਥੇ 11 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਇਸ ਸਾਲ ਮਾਰਚ ਵਿਚ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਹੀ ਚੋਣ ਪ੍ਰਚਾਰ ਦਾ ਅਧਾਰ ਬਣਾਇਆ ਜਾਵੇਗਾ।
Total Responses : 265