ਚੰਡੀਗੜ੍ਹ, 20 ਸਤੰਬਰ, 2017 :ਸ਼੍ਰੋਮਦੀ ਅਕਾਲੀ ਦਲ ਨੇ 6 ਮਹੀਨਿਆਂ ਦੇ ਅੰਦਰ 10ਵੀਂ ਵਾਰ ਕਿਸਾਨਾਂ ਲਈ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਖਾਲੀ ਖਜਾਨਿਆਂ ਵਾਲੀ ਸਰਕਾਰ ਨੇ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਕਦਮ ਚੁੱਕਿਆ ਹੈ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਸਰਕਾਰ ਚੋਣ ਪ੍ਰਚਾਰ ਮੁਹਿੰਮ ਵਾਂਗ ਐਲਾਨ 'ਤੇ ਐਲਾਨ ਕਰਨ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਰਾਜ ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲੇ ਜਾਂ ਵਿਧਾਨ ਸਭਾ ਵਿਚ ਕੀਤੇ ਗਏ ਐਲਾਨ ਲਾਗੂ ਨਾ ਕੀਤੇ ਗਏ ਹੋਣ ਤੇ ਇਕ ਐਲਾਨ ਦੇ ਮਗਰੋਂ ਇਸੇ ਦੇ ਦੂਜੇ ਰੂਪ ਦਾ ਐਲਾਨ ਹੁੰਦਾ ਆ ਰਿਹਾ ਹੋਵੇ।
ਕਰਜ਼ਾ ਮੁਆਫੀ ਦੇ ਨੋਟੀਫਿਕੇਸ਼ਨ ਦੇ ਤਾਜ਼ਾ ਐਲਾਨ 'ਤੇ ਵਰ੍ਹਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਵੱਲ ਹੈ ਕਿ ਜਿਹੜਾ ਸਤੰਬਰ ਮਹੀਨਾ ਪੰਜਾਬ ਦੇ ਇਤਿਹਾਸ ਵਿਚ ਇਸ ਲਈ ਯਾਦ ਰੱਖਿਆ ਜਾਵੇਗਾ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿਚ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ ਹੋਣ, ਉਸੇ ਮਹੀਨੇ ਦੌਰਾਨ ਸਰਕਾਰ ਕਰਜ਼ਾ ਮੁਆਫੀ ਦਾ ਐਲਾਨ ਕਰ ਰਹੀ ਹੈ ਤੇ ਇਹ ਸਪਸ਼ਟ ਨਹੀਂ ਕਰ ਰਹੀ ਕਿ ਪੈਸੇ ਕਿਵੇਂ ਅਦਾ ਕਰੇਗੀ।
ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਆਪਣੀ ਸਾਰੀ ਟੇਕ ਕੇਂਦਰ ਸਰਕਾਰ ਨੂੰ ਕੀਤੀ ਬੇਨਤੀ 'ਤੇ ਰੱਖੀ ਹੈ ਜਿਸ ਵਿਚ ਉਸਨੇ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਕ (ਐਫ ਆਰ ਬੀ ਐਮ) ਐਕਟ 2003 ਲਈ ਛੋਟ ਦੀ ਮੰਗ ਕੀਤੀ ਹੈ ਤਾਂ ਕਿ ਕਰਜ਼ਾ ਹਾਸਲ ਕਰਨ ਦੀ ਹੱਦ ਵੱਧ ਸਕੇ ਤੇ ਸਰਕਾਰ ਕੋਲ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਕਰਜ਼ੇ ਮੁਆਫ ਕਰਨ ਵਾਸਤੇ ਆਪਣੇ ਕੋਈ ਸਰੋਤ ਨਹੀਂ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਹਾਲਤ ਇੰਨੀ ਤਰਸਯੋਗ ਬਣੀ ਹੋਈ ਹੈ ਕਿ ਉਸ ਕੋਲੋਂ ਤਾਂ ਰਾਜ ਦੇ ਗੰਨਾ ਉਤਪਾਦਕਾਂ ਦੇ ਬਕਾਏ ਵੀ ਅਦਾ ਨਹੀਂ ਹੋ ਰਹੇ ਅਤੇ ਬਕਾਏ ਮੰਗਣ ਵਾਲੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਦੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ।
ਕਰਜ਼ਾ ਮੁਆਫੀ ਦੇ ਨੋਟੀਫਿਕੇਸ਼ਨ ਦੇ ਤਾਜ਼ਾ ਕਦਮ ਨੂੰ ਸਰਕਾਰ ਦੇ ਇਕ ਹੋਰ ਝੂਠਾ ਤੇ ਗੁੰਮਰਾਹਕੁੰਨ ਏਜੰਡਾ ਕਰਾਰ ਦਿੰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਰਾਜ ਦੇ ਕਿਸਾਨ ਜੋ ਕਿ ਦੇਸ਼ ਦੇ ਅੰਨ ਦਾਤਾ ਹਨ ਤੇ ਆਪਣੇ ਸਿਰ 'ਤੇ ਭਾਰ ਲੈ ਕੇ ਦੇਸ਼ ਦੀ ਸੇਵਾ ਕਰ ਰਹੇ ਹਨ, ਨਾਲ ਧੋਖਾ ਕਰ ਰਹੀਹ ੈ। ਉਹਨਾਂ ਕਿਹਾ ਕਿ ਦੇਸ਼ ਦੀ ਸੇਵਾ ਵਿਚ ਲੱਗੇ ਕਿਸਾਨਾਂ ਲਈ ਬੇਬੁਨਿਆਦ ਐਲਾਨਾਂ ਨਾਲ ਇਸ ਕਿਸਮ ਦਾ ਕੋਝਾ ਮਜ਼ਾ ਬਹੁਤ ਅਣਮਨੁੱਖੀ ਕਾਰਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਕਿਸਾਨ ਹੁਣ ਕਾਂਗਰਸ ਪਾਰਟੀ ਦੇ ਚਲਾਕ ਏਜੰਡੇ ਤੋਂ ਜਾਣੂ ਹੋ ਗਏ ਹਨ ਤੇ ਸਮਝ ਗਏ ਹਨ ਕਿ ਸਰਕਾਰ ਗੁਰਦਾਸਪੁਰ ਚੋਣ ਵਿਚ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਰਣਨੀਤੀ ਹੁਣ ਕੰਮ ਨਹੀਂ ਕਰੇਗੀ ਕਿਉਂਕਿ ਇਸਦਾ ਲੁਕਵਾਂ ਏਜੰਡਾ ਤੇ 'ਧੋਖੇਬਾਜ਼' ਦਾ ਇਸਦਾ ਅਕਸ ਜਨਤਾ ਸਾਹਮਣੇ ਉਜਾਗਰ ਹੋ ਚੁੱਕਾ ਹੈ ਅਤੇ ਲੋਕਾਂ ਨੇ ਹੁਣ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਸਰਕਾਰ ਨੂੰ ਜੀਵਨ ਭਰ ਦਾ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ।