← ਪਿਛੇ ਪਰਤੋ
ਚੰਡੀਗੜ੍ਹ, 23 ਅਕਤੂਬਰ, 2017 : ਚੋਣਾਂ ਦੋਰਾਨ ਘਰ ਘਰ ਜਾ ਕੇ ਵੋਟਾਂ ਮੰਗਣ ਵਾਲੇ ਕਾਂਗਰਸ ਦੇ ਮੰਤਰੀ, ਵਿਧਾਇਕ ਤੇ ਆਗੂ ਹੁਣ ਗੁਰਦਾਸਪੁਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਮੁਲਾਜ਼ਮਾਂ ਨੂੰ ਭੁੱਲੇ ਨਜ਼ਰ ਆ ਰਹੇ ਹਨ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਕੁਮਾਰ ਤੇ ਜਰਨਲ ਸਕੱਤਰ ਜਗਸੀਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਮੀਟਿੰਗ ਦੇ ਸਮੇਂ ਲਈ ਕਈ ਵਾਰ ਲਿਖਤੀ ਬੇਨਤੀ ਕੀਤੀ ਸੀ ਪ੍ਰੰਤੂ ਮੀਟਿੰਗ ਦਾ ਕੋਈ ਸਮਾਂ ਨਾ ਮਿਲਣ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਮਿਤੀ 28 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਰੋਸ ਰੈਲੀ ਕੀਤੀ ਸੀ ਜਿਸ ਦੋਰਾਨ ਗੁਰਦਾਸਪੁਰ ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਨਾਲ ਤਾਲਮੇਲ ਕਰਕੇ 23 ਅਕਤੂਬਰ ਨੂੰ ਚੰਡੀਗੜ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ। ਆਗੂਆ ਨੇ ਕਿਹਾ ਕਿ ਹੁਣ ਜਦ ਮੀਟਿੰਗ ਦੇ ਸਬੰਧ ਵਿਚ ਗੁਰਦਾਸਪੁਰ ਪ੍ਰਸਾਸ਼ਨ ਨਾਲ ਤਾਲਮੇਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ। ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੋਟਾਂ ਦੋਰਾਨ ਮੁਲਾਜ਼ਮਾਂ ਨਾਲ ਕਈ ਵਾਅਦੇ ਕਰ ਰਹੀ ਹੈ ਪ੍ਰੰਤੂ ਵਾਅਦਿਆ ਨੂੰ ਪੂਰਾ ਨਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤ ਮਹੀਨੇ ਬੀਤ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨਾ ਸਰਕਾਰ ਦੀ ਨੋਜਵਾਨਾਂ ਤੇ ਮੁਲਾਜ਼ਮਾਂ ਪ੍ਰਤੀ ਮਾੜੀ ਨੀਅਤ ਨੂੰ ਉਜ਼ਾਗਰ ਕਰਦਾ ਹੈ। ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਕਰਕੇ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਮੁਲਾਜ਼ਮ 24 ਅਕਤੂਬਰ ਤੋਂ 30 ਅਕਤੂਬਰ ਤੱਕ ਸੂਬੇ ਦੇ ਸਮੂਹ ਕਾਂਗਰਸੀ ਵਿਧਾਇਕਾਂ ਤੇ ਮੰਤਰੀਆ ਨੂੰ ਰੋਸ ਪੱਤਰ ਦੇਣਗੇ ਅਤੇ ਜੇਕਰ ਫਿਰ ਵੀ ਸਰਕਾਰ ਨੇ ਮੀਟਿੰਗ ਨਾ ਕੀਤੀ ਤਾਂ ਵੱਡਾ ਸਘੰਰਸ ਵਿੱਢਿਆ ਜਾਵੇਗਾ।
Total Responses : 265