ਫਹਿਤਗੜ੍ਹ ਚੂੜੀਆਂ, 5 ਅਕਤੂਬਰ, 2017 : ਆਮ ਆਦਮੀ ਪਾਰਟੀ ਦੇ ਇੱਕ ਦਰਜ਼ਨ ਆਗੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਅੱਜ ਹਲਕਾ ਫਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਅੱਜ ਹਲਕੇ ਦੇ ਪਿੰਡ ਛਿਛਰੇਵਾਲ ਵਿੱਚ ਹੋਈ ਚੋਣ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੌਸ਼ਨ ਮਸੀਹ ਦੀ ਅਗਵਾਈ ਵਿੱਚ ਦੀਪ, ਰਘਬੀਰ ਸਿੰਘ, ਵਾਰਿਸ ਮਸੀਹ, ਸੁਰਾਜ ਮਸੀਹ, ਸੁੱਚਾ ਮਸੀਹ, ਸ਼ਮਸ਼ੇਰ ਸਿੰਘ, ਬਿੱਟੂ ਮਸੀਹ, ਬਿੱਲਾ ਮਸੀਹ, ਰੌਬਨ ਮਸੀਹ ਅਤੇ ਜੱਗਾ ਮਸੀਹ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਨ੍ਹਾਂ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ. ਬਾਜਵਾ ਨੇ ਇਨ੍ਹਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸੁਨੀਲ ਜਾਖੜ ਨੂੰ ਜਿਤਾਉਣ ਲਈ ਡੱਟ ਕੇ ਕੰਮ ਕਰਨ।
ਸ. ਬਾਜਵਾ ਨੇ ਇਸ ਮੌਕੇ ਹੋਏ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਮੁਲਕ ਦੀ ਇੱਕੋ-ਇੱਕ ਅਜਿਹੀ ਪਾਰਟੀ ਹੈ ਜੋ ਅਸਲ ਅਰਥਾਂ ਵਿੱਚ ਧਰਮ ਨਿਰਪੱਖ ਜਮਾਤ ਹੈ ਜੋ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਪਰ ਇਸਦੇ ਉੱਲਟ ਮੁਲਕ ਉੱਤੇ ਇਸ ਸਮੇਂ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਸਿਰੇ ਦੀ ਫਿਰਕਾਪ੍ਰਸਤ ਜਮਾਤ ਹੈ ਜੋ ਭਾਰਤੀ ਸਮਾਜ ਵਿੱਚ ਵੰਡੀਆਂ ਪਾ ਕੇ ਇੱਕ ਭਾਈਚਾਰੇ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਦੇਸ਼ ਲਈ ਘਾਤਕ ਸਿੱਧ ਹੋ ਸਕਦੀ ਹੈ ਅਤੇ ਇਸ ਚੋਣ ਵਿੱਚ ਕਾਂਗਰਸ ਨੂੰ ਜਿਤਾ ਕੇ ਭਾਜਪਾ ਦੀ ਫਿਰਕੂ ਸੋਚ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਇਸ ਮੌਕੇ 'ਤੇ ਬੋਲਦਿਆਂ ਸ੍ਰੀ ਰੌਸ਼ਨ ਮਸੀਹ ਨੇ ਆਪਣੇ ਸਾਥੀਆਂ ਵੱਲੋਂ ਭਰੋਸਾ ਦਿਵਾਇਆ ਕਿ ਉਹ ਇਸ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।