ਚੰਡੀਗੜ੍ਹ, 14 ਅਕਤੂਬਰ 2017
ਆਮ ਆਦਮੀ ਪਾਰਟੀ (ਆਪ) ਨੇ ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਨਾਲ ਸੰਬੰਧਤ ਪਾਰਟੀ ਦਾ ਸੰਗਠਨਾਤਮਕ ਢਾਂਚਾ ਭੰਗ ਕਰ ਦਿੱਤਾ ਹੈ। ਪਾਰਟੀ ਦੇ ਸੂਬਾ ਸਕੱਤਰ ਗੁਲਸ਼ਨ ਛਾਬੜਾ ਨੇ ਅੱਜ ਅਧਿਕਾਰਤ ਤੌਰ ਉਤੇ ਇਲ ਦਾ ਐਲਾਨ ਕਰ ਦਿੱਤਾ ਹੈ। ਆਪ ਵੱਲੋਂ ਸ਼ਨੀਵਾਰ ਨੂੰ ਜਾਰੀ ਪ੍ਰੈਸ ਬਿਆਨ ਰਾਹੀਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸਹਿ-ਪ੍ਰਧਾਨ ਅਤੇ ਸੀਨੀਅਰ ਵਿਧਾਇਕ ਅਮਨ ਅਰੋੜਾ ਨਾਲ ਸਥਾਨਕ ਸੁਝਾਅ ਉਪਰੰਤ ਪਠਾਨਕੋਟ ਅਤੇ ਗੁਰਦਾਸਪੁਰ ਦੀਆਂ ਜਿਲਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਭੰਗ ਕਰਨ ਦਾ ਫੈਸਲਾ ਲਿਆ ਗਿਆ ਹੈ।
ਗੁਲਸ਼ਨ ਛਾਬੜਾ ਨੇ ਦੱਸਿਆ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਦੌਰਾਨ ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਵਿਚ ਤੈਨਾਤ ਵਿਧਾਇਕਾਂ ਅਤੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਇਕੱਤਰ ਹੋਣ ਵਾਲੇ ਸੁਝਾਅ ਦੇ ਅਧਾਰ ਉਤੇ ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆ ਦਾ ਨਵੇਂ ਸਿਰਿਓ ਸੰਗਠਨਾਤਮਕ ਢਾਂਚਾ ਛੇਤੀ ਹੀ ਐਲਾਨ ਕੀਤਾ ਜਾਵੇਗਾ।