ਸ੍ਰੀ ਹਰਪਾਲ ਜੁਨੇਜਾ ਪ੍ਰਧਾਨ ਮਾਲਵਾ ਜ਼ੋਨ 2 ਯੂਥ ਅਕਾਲੀ ਦਲ।
ਦੀਦਾਰ ਗੁਰਨਾ
ਪਟਿਆਲਾ, 25 ਸਤੰਬਰ 2017 : ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵੱਲੋਂ ਉਹਨਾ ਨਾਲ ਕੀਤੀ ਗਈ ਧੋਖੇਬਾਜ਼ੀ ਤੋਂ ਰੱਜ ਕੇ ਦੁਖੀ ਹਨ ਤੇ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਵਿਚ ਇਸ ਧੋਖੇਬਾਜ਼ੀ ਦਾ ਕਰਾਰ ਜਵਾਬ ਉਹ ਕਾਂਗਰਸ ਪਾਰਟੀ ਨੂੰ ਦੇਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ 2 ਦੇ ਯੂਥ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਕੀਤਾ ਹੈ।
ਇਥੇ ਗੱਲਬਾਤ ਕਰਦਿਆਂ ਸ੍ਰੀ ਜੁਨੇਜਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਕ ਸਰਕਾਰ ਤੋਂ ਲੋਕਾਂ ਦਾ ਛੇ ਮਹੀਨਿਆਂ ਵਿਚ ਹੀ ਮੋਹ ਭੰਗ ਹੋ ਗਿਆ ਹੋਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਆਪਣੇ ਚੋਣ ਮਨੋਰਥ ਪੱਤਰ ਵਿਚ ਜੋ ਵਾਅਦੇ ਕੀਤੇ ਸਨ, ਉਸ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨਾਲ ਸਰਕਾਰ ਨੇ ਸਾਰੇ ਦੇ ਸਾਰੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਕੀਤੇ ਸਨ, ਉਹਨਾਂ ਨੂੰ ਹੁਣ ਦੋ ਟੁੱਕ ਜਵਾਬ ਦੇ ਦਿੱਤਾ ਹੈ ਕਿ ਸਿਰਫ 2 ਲੱਖ ਰੁਪਏ ਤੱਕ ਦੇ ਕਰਜ਼ੇ ਹੀ ਮੁਆਫ ਹੋਣਗੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੇ ਸਿਰ 'ਤੇ ਲੱਖਾਂ ਰੁਪਏ ਦੇ ਕਰਜ਼ੇ ਹਨ, ਉਹ ਕਿਸਾਨ ਕਾਂਗਰਸ ਦੇ ਹੁੰਗਾਰੇ ਤੋਂ ਨਿਰਾਸ਼ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਤੇ ਇਸ ਲਈ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦਾ ਕਰਜ਼ਾ ਮੁਆਫੀ ਦਾ ਵਾਅਦਾ ਜ਼ਿੰਮੇਵਾਰ ਹੈ।
ਸ੍ਰੀ ਜੁਨੇਜਾ ਨੇ ਕਿਹਾ ਕਿ ਸੂਬੇ ਦੇ ਲੱਖਾਂ ਨੌਜਵਾਨਾਂ ਸਰਕਾਰ ਦੀ ਹਰ ਘਰ ਨੌਕਰੀ ਦੀ ਯੋਜਨਾ ਤਹਿਤ ਨੌਕਰੀਆਂ ਦੀ ਉਡੀਕ ਕਰ ਰਹੀ ਹੈ ਜਦਕਿ ਸਰਕਾਰ ਪੜ੍ਹੇ ਲਿਖੇ ਬੇਰੋਜ਼ਾਗਰ ਨੌਜਵਾਨਾਂ ਨੂੰ ਟੈਕਸੀ ਡਰਾਈਵਰ ਬਣਾਉਣਾ ਚਾਹੁੰਦੀ ਹੈ ਜਿਸ ਵਾਸਤੇ ਉਸਨੇ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਵੱਲੋਂ ਤਾਂ ਸਮਾਜ ਭਲਾਈ ਦੀਆਂ ਵੱਖ ਵੱਖ ਸਕੀਮਾਂ ਜੋ ਪਿਛਲੀ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ, ਉਹ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾ ਤਾਂ ਆਟਾ ਦਾਲ ਸਕੀਮ ਤਹਿਤ ਗਰੀਬ ਵਰਗ ਨੂੰ ਰਾਸ਼ਨ ਮਿਲ ਰਿਹਾ ਹੈ, ਨਾ ਸ਼ਗਨ ਸਕੀਮ ਤਹਿਤ ਗਰੀਬ ਲੜਕੀਆਂ ਨੂੰ ਚੈਕ ਮਿਲ ਰਹੇ ਹਨ ਤੇ ਨਾ ਹੀ ਪੈਨਸ਼ਨਰਾਂ ਨੂੰ ਪੈਨਸ਼ਨ ਮਿਲ ਰਹੀ ਹੈ।
ਸ੍ਰੀ ਜੁਨੇਜਾ ਨੇ ਕਿਹਾ ਕਿ ਵਪਾਰੀਆਂ ਤੇ ਕਿਸਾਨਾਂ ਨਾਲ ਸਰਕਾਰ ਨੇ ਸਭ ਤੋਂ ਵੱਡੀ ਠੱਗੀ ਮਾਰੀ ਹੈ। ਉਹਨਾਂ ਕਿਹਾ ਕਿ ਇਕ ਹੋਰ ਵੱਡਾ ਬਜਰ ਪਾਪ ਸਰਕਾਰ ਨੇ ਵਿਕਾਸ ਦੇ ਚਲ ਰਹੇ ਕੰਮਾਂ ਨੂੰ ਰੁਕਵਾ ਕੇ ਉਹਨਾਂ ਦਾ ਪੈਸਾ ਵਾਪਸ ਮੰਗਵਾ ਕੇ ਕੀਤਾ ਹੈ। ਉਹਨਾਂ ਕਿਹਾ ਕਿ ਇਸ ਲਈ ਸਰਕਾਰ ਤੋਂ ਹਰ ਪਾਸੋਂ ਅੱਕੇ ਲੋਕ ਹੁਣ ਉਸਨੂੰ ਗੁਰਦਾਸਪੁਰ ਹਲਕੇ ਵਿਚ ਕਰਾਰੀ ਹਾਰ ਦੇ ਕੇ ਉਸਨੂੰ ਪਹਿਲਾ ਤੋਹਫਾ ਦੇਣਗੇ ਜਦਕਿ 2019 ਦੀਆਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਚੋਂ ਹੀ ਮੁਕੰਮਲ ਸਫਾਇਆ ਹੋ ਜਾਵੇਗਾ।