ਬਟਾਲਾ, 1 ਅਕਤੂਬਰ, 2017 : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਬਲਾਤਕਾਰ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਧਰੇ ਜਾਣ ਨੂੰ ਦੋ ਦਿਨ ਹੋ ਜਾਣ ਦੇ ਬਾਵਜੂਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਜੇ ਤੱਕ ਚੁੱਪੀ ਵੱਟੀ ਰੱਖਣ 'ਤੇ ਸਵਾਲ ਉਠਾਏ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਵੱਲੋਂ ਸਾਬਕਾ ਮੰਤਰੀ ਦੀ ਪਿੱਠ ਠੋਕਣ ਲਈ ਤਿੱਖੀ ਆਲੋਚਨਾ ਕੀਤੀ ਹੈ।
ਸੁਨੀਲ ਜਾਖੜ ਨੇ ਸਲਾਰੀਆ ਨੂੰ ਜੀ.ਐਸ.ਟੀ., ਨੋਟਬੰਦੀ, ਕਿਸਾਨਾਂ, ਉਦਯੋਗ ਜਾਂ ਬੇਰੁਜ਼ਗਾਰੀ ਦੇ ਕਿਸੇ ਵੀ ਮੁੱਦੇ ਉੱਤੇ ਉਨ੍ਹਾਂ ਨਾਲ ਸਿੱਧੀ ਬਹਿਸ ਲਈ ਚਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਵਿਰੋਧੀ ਵੱਲੋਂ ਇਸ ਘਟਨਾ ਨੂੰ ਇੱਕ ਪੁਰਾਣਾ ਬਲਾਤਕਾਰ ਦਾ ਮਾਮਲਾ ਆਖਣਾ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਉਹ ਲੰਗਾਹ ਦੇ ਘਿਨਾਉਣੇ ਜੁਰਮ 'ਤੇ ਪਰਦਾ ਨਹੀਂ ਪਾ ਸਕਦੇ।
ਜਾਖੜ ਨੇ ਕਿਹਾ ਕਿ ਸਲਾਰੀਆ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਸ਼ਾਇਦ ਇਸੇ ਕਰਕੇ ਹੀ ਉਹ ਲੰਗਾਹ ਦੀ ਪਿੱਠ ਠੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪੜਾਅ 'ਤੇ ਇਸ ਮੁੱਦੇ ਨੂੰ ਉਭਾਰਨਾ ਨਹੀਂ ਚਾਹੁੰਦੇ ਕਿਉਂਕਿ ਉਹ ਮੁੱਦਿਆਂ 'ਤੇ ਅਧਾਰਤ ਚੋਣ ਲੜਨਾ ਚਾਹੁੰਦੇ ਹਨ।
ਚੋਣਾਂ ਦੀ ਜਮਹੂਰੀ ਪ੍ਰਕਿਰਿਆ ਅਤੇ ਸਿਆਸਤ ਦੀ ਮਰਿਆਦਾ ਦੀਆਂ ਕਦਰਾਂ ਨੂੰ ਬਣਾਈ ਰੱਖਦੇ ਹੋਏ ਜਾਖੜ ਨੇ ਸੂਬਾ ਸਰਕਾਰ ਨੂੰ ਲੰਗਾਹ ਦੀ ਕਥਿਤ ਸੈਕਸ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਅਪੀਲ ਕੀਤੀ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ ਇਸ ਤਰ੍ਹਾਂ ਦੀ ਅਸ਼ਲੀਲਤਾ ਤੇ ਅਭੱਦਰਤਾ ਦੀ ਕੋਈ ਥਾਂ ਨਹੀਂ।
ਬਟਾਲਾ ਵਿਖੇ ਪਾਰਟੀ ਵਰਕਰਾਂ ਦੀਆਂ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਪੁਲਸ ਵੱਲੋਂ ਲੰਗਾਹ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਨਾਂ 'ਤੇ ਜ਼ੂੰ ਨਹੀਂ ਸਰਕੀ ਅਤੇ ਉਨ੍ਹਾਂ ਨੇ ਇਸ ਸਬੰਧੀ ਪੂਰੀ ਤਰ੍ਹਾਂ ਦੜ ਵੱਟੀ ਹੋਈ ਹੈ। ਭਾਵੇਂ ਲੰਗਾਹ ਇਹ ਮਾਮਲਾ ਦਰਜ ਹੋਣ ਤੋਂ ਬਾਅਦ ਭਗੌੜਾ ਹੋ ਗਿਆ ਹੈ।
ਬਾਦਲਾਂ 'ਤੇ ਸਾਰੇ ਮੋਰਚਿਆਂ 'ਤੇ ਪੰਜਾਬ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦੇ ਹੋਏ ਜਾਖੜ ਨੇ ਪੰਥ ਅਤੇ ਕਿਸਾਨਾਂ ਦੇ ਨਾਂ 'ਤੇ ਵੋਟਾਂ ਕੱਠੀਆਂ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਜਿਨ੍ਹਾਂ ਦੇ ਵਾਸਤੇ ਬਾਦਲ ਕੱਖ ਭੰਨ ਕੇ ਦੋਹਰਾ ਕਰਨ ਵਿੱਚ ਵੀ ਅਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਦੀ ਗੋਲੀਬਾਰੀ ਦੀ ਘਟਨਾ ਅਤੇ ਕਿਸਾਨਾਂ ਦੀਆਂ ਖੁਕਸ਼ੀਆਂ ਦੇ ਸਬੰਧ ਵਿੱਚ ਉਨ੍ਹਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਚੁੱਕਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਨ੍ਹਾਂ ਨੂੰ 'ਬਾਹਰੀ' ਆਖਣ ਲਈ ਵੀ ਬਦਲਾਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਰਕਾਰ ਦੌਰਾਨ ਵਿਰੋਧੀ ਧਿਰ ਦੇ ਆਗੂ ਹੁੰਦੇ ਹੋਏ ਪੰਜਾਬ ਦੇ ਕੋਨੇ ਕੋਨੇ ਦੇ ਮੁੱਦੇ ਉਠਾਏ ਅਤੇ ਹੁਣ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਅਜਿਹਾ ਕਰ ਰਹੇ ਹਨ। ਉਨ੍ਹਾਂ ਉਸ ਗੱਲ ਨੂੰ ਵੀ ਯਾਦ ਕੀਤਾ ਜਦੋਂ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਉਨ੍ਹਾਂ ਨੂੰ ਆਮ ਤੌਰ 'ਤੇ ਡਾ. ਮਨਮੋਹਣ ਸਿੰਘ ਕੋਲ ਲੈ ਜਾਂਦੇ ਸਨ ਤਾਂ ਜੋ ਪ੍ਰਧਾਨ ਮੰਤਰੀ ਦੇ ਸਾਹਮਣੇ ਪੰਜਾਬ ਦਾ ਕੇਸ ਜ਼ੋਰਦਾਰ ਢੰਗ ਨਾਲ ਰੱਖਿਆ ਜਾ ਸਕੇ।
ਗਰੀਬਾਂ ਅਤੇ ਦੱਬੇਕੁਚਲੇ ਲੋਕਾਂ ਸਣੇ ਸਮਾਜ ਦੇ ਸਾਰੇ ਵਰਗਾਂ ਦੀ ਆਵਾਜ਼ ਸੰੰਸਦ ਵਿੱਚ ਉਠਾਉਣ ਦਾ ਵਾਅਦਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਉਹ ਕੇਵਲ ਲੋਕ ਸਭਾ ਦਾ ਮੈਂਬਰ ਬਣਨ ਲਈ ਹੀ ਇਹ ਚੋਣ ਨਹੀਂ ਲੜ ਰਹੇ ਸਗੋਂ ਉਹ ਪੰਜਾਬੀਆਂ ਦਾ ਸੇਵਕ ਬਣਨਾ ਚਾਹੁੰਦੇ ਹਨ। ਸਲਾਰੀਆ ਨੂੰ ਇੱਕ ਵੱਡਾ ਸਰਮਾਏਦਾਰ ਆਖਦੇ ਹੋਏ ਜਾਖੜ ਨੇ ਕਿਹਾ ਕਿ ਜਿਹੜਾ ਵਿਅਕਤੀ ਲੋਕਾਂ ਦੀ ਦੁੱਖ-ਤਕਲੀਫ ਹੀ ਨਹੀਂ ਸਮਝਦਾ, ਉਹ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਕੇਂਦਰ ਵਿੱਚ ਨਹੀਂ ਉਠਾ ਸਕਦਾ।
ਮੋਦੀ ਦੇ ਸ਼ਾਸਨ ਹੇਠ ਘੱਟ ਗਿਣਤੀਆਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਸਰੱਖਿਅਤ ਮਹਿਸੂਸ ਕਰਦੀਆਂ ਹੋਣ ਦੀ ਗੱਲ ਕਰਦੇ ਹੋਏ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀਆਂ ਸਰਕਾਰਾਂ ਵਿੱਚ ਪੰਜਾਬ ਦਾ ਮਹੌਲ ਹਮੇਸ਼ਾਂ ਹੀ ਸ਼ਾਤੀਪੂਰਨ ਤੇ ਸਦਭਾਵਨਾ ਵਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਸਰਹੱਦੀ ਲੋਕਾਂ ਸਣੇ ਕਾਂਗਰਸ ਸਰਕਾਰ ਸਮੁੱਚੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਹਿੱਤਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਸਰਬਾਂਗੀ ਵਿਕਾਸ ਲਈ ਇੱਕ ਵਿਸ਼ੇਸ਼ ਰੂਪਰੇਖਾ ਬਣਾਈ ਜਾਵੇਗੀ।
ਜਾਖੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਬਟਾਲਾ ਦੀ 80 ਫੀਸਦੀ ਸਨਅਤ ਬੰਦ ਹੋ ਗਈ ਹੈ ਅਤੇ ਗੰਨਾ ਉਤਪਾਦਕਾਂ ਨੂੰ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਬਕਾਏ ਨਹੀਂ ਮਿਲੇ ਜਿਸ ਦੇ ਕਾਰਨ ਕਿਸਾਨ ਖੁਦਕਸ਼ੀਆਂ ਵਰਗਾ ਸਿਰੇ ਦਾ ਕਦਮ ਚੁੱਕ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਦਸ ਸਾਲ ਆਪਣੇ ਝੋਨੇ ਦਾ ਭੁਗਤਾਨ ਪ੍ਰਾਪਤ ਕਰਨ ਲਈ ਮੰਡੀਆਂ ਵਿੱਚ ਬੈਠੇ ਰਹਿਣ ਕਾਰਨ ਉਹ ਇਸ ਸਮੇਂ ਦੌਰਾਨ ਦਿਵਾਲੀ ਨਹੀਂ ਮਨਾ ਸਕੇ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਵਿੱਚ ਹੈ ਜਿਸ ਕਰਕੇ ਕਿਸਾਨ ਧੂਮ-ਧੜੱਕੇ ਨਾਲ ਦਿਵਾਲੀ ਮਨਾ ਸਕਦੇ ਹਨ।
ਜਾਖੜ ਨੇ ਕਿਹਾ ਕਿ ਨਾ ਕੇਵਲ ਕਿਸਾਨਾਂ ਨੂੰ ਤੇਜੀ ਨਾਲ ਉਨ੍ਹਾਂ ਦਾ ਭੁਗਤਾਨ ਦਿੱਤਾ ਜਾ ਰਿਹਾ ਹੈ ਸਗੋਂ ਕਣਕ ਦੀ ਪੂਰੀ ਖਰੀਦ ਵੀ ਬਿਨਾ ਕਿਸੇ ਵਿਘਨ ਤੋਂ ਸਿਰੇ ਲਾਈ।
ਖੋਖਰ ਵਿਖੇ ਸਾਬਕਾ ਫੌਜੀਆਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਨਾ ਕੇਵਲ ਉਨ੍ਹਾਂ ਦੇ ਸਗੋਂ ਸਮਾਜ ਦੇ ਵੱਖ ਵੱਖ ਵਰਗਾਂ ਹਿੱਤਾਂ ਦੀ ਰਾਖੀ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਬਕਾ ਫੌਜੀਆਂ ਦੇ ਨਾਲ 72 ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਸਾਬਕਾ ਫੌਜੀਆਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਦੀ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਉਹ ਉਨ੍ਹਾਂ ਬਾਰੇ ਕੀ ਸੋਚਦੀ ਹੈ।
ਜਾਖੜ ਦੇ ਨਾਲ ਵਿਧਾਇਕ ਪ੍ਰਗਟ ਸਿੰਘ, ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਸਨ।