← ਪਿਛੇ ਪਰਤੋ
ਚੰਡੀਗੜ੍ਹ, 7 ਅਕਤੂਬਰ, 2017 : ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੀ ਟਿਕਟ ਰੱਦ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਚੱਲੀ ਝੂਠੀ ਖ਼ਬਰ ਸਬੰਧੀ ਪੁਲਿਸ ਨੇ ਸਾਇਬਰ ਕਰਾਇਮ ਤਹਿਤ ਮਾਮਲਾ ਦਰਜ ਕਰ ਲਿਆ ਹੈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਸੂਬੇ ਦੇ ਚੋਣ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਅਜਿਹਾ ਝੂਠਾ ਪ੍ਰਚਾਰ ਕਰਨ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼੍ਰੀ ਕਾਲੀਆ ਨੇ ਦੱਸਿਆ ਸੀ ਕਿ ਵਟਸਐਪ 'ਤੇ ਪੰਜਾਬੀ ਅਖ਼ਬਾਰ ਜਗਬਾਣੀ ਅਤੇ ਹਿੰਦੀ ਅਖ਼ਬਾਰ ਪੰਜਾਬ ਕੇਸਰੀ ਦੇ ਸਿਰਲੇਖ ਹੇਠ ਸ਼੍ਰੀ ਸਲਾਰੀਆ ਦੀ ਟਿਕਟ ਰੱਦ ਹੋਣ ਸਬੰਧੀ ਝੂਠੀ ਸ਼ਿਕਾਇਤ ਪ੍ਰਕਾਸ਼ਿਤ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਬੰਧੀ ਜਗਬਾਣੀ ਅਤੇ ਪੰਜਾਬ ਕੇਸਰੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਖ਼ਬਰ ਉਨ੍ਹਾਂ ਵੱਲੋਂ ਨਹੀਂ ਪ੍ਰਕਾਸ਼ਿਤ ਕੀਤੀ ਗਈ ਬਲਕਿ ਸੋਸ਼ਲ ਮੀਡੀਆ ਤਹਿਤ ਕਿਸੇ ਸ਼ਰਾਰਤੀ ਦਿਮਾਗ ਦੀ ਉਪਜ ਹੈ। ਉਨ੍ਹਾਂ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਅਜਿਹੀ ਸ਼ਰਾਰਤ ਕਰਨ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਚੋਣ ਕਮਿਸ਼ਨ ਦੀ ਹਦਾਇਤ 'ਤੇ ਸਾਇਬਰ ਕਰਾਇਮ ਪੁਲਿਸ ਮੋਹਾਲੀ ਨੇ ਅਣਪਛਾਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ ਦੀ ਪੜਤਾਲ ਤੋਂ ਬਾਅਦ ਅਸਲ ਦੋਸ਼ੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸ਼੍ਰੀ ਕਾਲੀਆ ਨੇ ਇਸ ਸਬੰਧੀ ਦੱਸਿਆ ਕਿ ਅਸਲ ਵਿੱਚ ਹਲਕਾ ਗੁਰਦਾਸਪੁਰ ਤੋਂ ਕਰਾਰੀ ਹਾਰ ਨੂੰ ਦੇਖਦਿਆਂ ਕਾਂਗਰਸੀ ਉਮੀਦਵਾਰ ਅਤੇ ਉਸ ਦੇ ਹਮਾਇਤੀ ਇਸ ਤਰ੍ਹਾਂ ਦੀਆਂ ਬੇਬੁਨਿਆਦ ਹਰਕਤਾਂ 'ਤੇ ਉੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ ਕਿ ਅਜਿਹੇ ਝੂਠੇ ਅਤੇ ਲਾਰੇਬਾਜ਼ ਕਾਂਗਰਸੀ ਆਗੂਆਂ ਨੂੰ ਸਬਕ ਸਿਖਾਉਣਗੇ।
Total Responses : 265