ਚੰਡੀਗੜ੍ਹ, 22 ਅਕਤੂਬਰ, 2017 : ਸਰਕਾਰੀ ਮਸ਼ੀਨਰੀ ਦੀ ਯੋਜਨਾਬੱਧ ਦੁਰਵਰਤੋਂ ਕਰਕੇ ਗੁਰਦਾਸਪੂਰ ਜ਼ਿਮਨੀ ਚੋਣ ਜਿੱਤੀ ਹੈ ਕਾਂਗਰਸ। ਇਹ ਸਿੱਟਾ ਭਾਜਪਾ ਪੰਜਾਬ ਨੇ ਅਪਣੀ ਸਮੀਖਿਆ ਮੀਟਿੰਗ ਵਿਚ ਕੱਢਿਆ। ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ ਇਸ ਸਮੀਖਿਆ ਮੀਟਿੰਗ ਵਿਚ ਉਹ ਸਾਰੇ ਕੋਰ ਗਰੁੱਪ ਮੈਂਬਰ, ਸੂਬਾ ਆਹੁਦੇਦਾਰ ਅਤੇ ਸਾਬਕਾ ਮੰਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਗੁਰਦਾਸਪੂਰ ਲੋਕਸਭਾ ਵਿਚ ਆਉਂਦੀ 9 ਵਿਧਾਨਸਭਾਵਾਂ ਦੀ ਜਿੰਮੇਦਾਰੀ ਸੌਂਪੀ ਗਈ ਸੀ।
ਸਾਂਪਲਾ ਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਸੀ ਅਤੇ ਉਸੀ ਦੀ ਛਾਇਆ ਪ੍ਰਬਲ ਰੂਪ ਨਾਲ ਇਨ੍ਹਾਂ ਚੋਣਾਂ ਵਿਚ ਵੀ ਦਿਖੀ। ਸਰਕਾਰੀ ਤੰਤਰ ਚਾਹੇ ਉਹ ਪ੍ਰਸ਼ਾਸਨਿਕ ਹੋਵੇ ਜਾਂ ਫਿਰ ਪੁਲੀਸ ਦੋਵੇਂ ਹੀ ਕਾਂਗਰਸ ਦੀ ਸੇਵਾ ਵਿਚ ਜੁਟੀ ਰਹੀ। ਅਜਿਹਾ ਲੱਗਦਾ ਸੀ ਕਿ ਕਾਂਗਰਸ ਚੋਣ ਨਹੀਂ ਲੜ ਰਹੀ, ਬਲਕਿ ਸਰਕਾਰੀ ਤੰਤਰ ਚੋਣ ਲੜ ਰਿਹਾ ਹੈ। ਚਾਹੇ ਬੀਡੀਪੀਓ, ਸਿੱਖਿਆ ਅਧਿਕਾਰੀ, ਮਿਉਂਨੀਸੀਪਲ ਕਮੇਟੀ ਅਤੇ ਨਗਰ ਪੰਚਾਇਤ ਦੇ ਈ.ਓ., ਸਿਹਤ ਵਿਭਾਗ ਦੇ ਅਧਿਕਾਰੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਦਿ ਹੋਣ ਜਾਂ ਫਿਰ ਡੀਐਸਪੀ, ਐਸਐਚਓਜ, ਚੌਂਕੀ ਇੰਚਾਰਜ਼ ਜਾਂ ਨਿੱਚਲੇ ਪੱਧਰ ਦੇ ਪੁਲੀਸ ਮੁਲਾਜ਼ਮ ਹੋਣ ਸਾਰੀਆਂ ਨੇ ਯੋਜਨਾਪੂਰਵਕ ਬੜੀ ਸਾਵਧਾਨੀ ਨਾਲ ਕਾਂਗਰਸ ਨੂੰ ਜਿਤਾਉਣ ਵਿਚ ਅਤੇ ਅਕਾਲੀ-ਭਾਜਪਾ ਆਗੂਆਂ/ਵਰਕਰਾਂ ਨੂੰ ਮਿੱਠੇ ਤਰੀਕੇ ਨਾਲ ਡਰਾਉਣ ਵਿਚ ਕੋਈ ਕਸਰ ਨਹੀਂ ਛੱਡੀ। ਭਾਜਪਾ ਨੇ ਲੱਗਭੱਗ 68 ਸ਼ਿਕਾਇਤਾਂ ਚੋਣ ਕਮੀਸ਼ਨ ਨੂੰ ਭੇਜੀ ਸੀ। ਚੋਣ ਦਾ ਐਲਾਨ ਹੁਦਿਆਂ ਹੀ ਅਸੀਂ ਸਪੱਸ਼ਟ ਕਿਹਾ ਸੀ ਗੁਰਦਾਸਪੂਰ ਜ਼ਿਮਨੀ ਚੋਣ ਕਾਂਗਰਸ ਸਰਕਾਰ ਬਨਾਮ ਭਾਜਪਾ-ਅਕਾਲੀ ਚੋਣ ਰਹੇਗਾ ਨਾ ਕਿ ਕਾਂਗਰਸ ਬਨਾਮ ਅਕਾਲੀ-ਭਾਜਪਾ। ਅੰਤ ਵਿਚ ਸਾਡੀ ਗੱਲ ਠੀਕ ਹੀ ਨਿਕਲੀ।
ਰਾਜਨੀਤਿਕ ਬਦਲਾਖੋਰੀ ਦਾ ਇਸਤੋਂ ਵੱਡਾ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਗੁਰਦਾਸਪੂਰ ਦੇ ਅੰਦਰ ਅਬੋਹਰ ਤੋਂ ਆਕੇ ਜਾਖੜ ਦੇ ਖਿਲਾਫ ਕੰਪੇਨ ਕਰਨ ਦਾ ਬਦਲਾ ਲਿਦਿਆਂ ਅਬੋਹਰ ਮਿਉਨਸੀਪਲ ਕਮੇਟੀ ਦੇ ਪ੍ਰਧਾਨ ਪਰਮਿਲ ਕਲਿਆਣੀ ਨੂੰ ਲੋਕਲ ਬਾਡੀ ਸਕੱਤਰ ਨੇ ਅਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣੇ 'ਤੇ 17 ਅਕਤੂਬਰ ਨੂੰ ਹਟਾ ਦਿੱਤਾ। ਕੁੱਝ ਦਿਨ ਪਹਿਲੇ ਜਿਸ ਤਰ੍ਹਾਂ ਰਾਜਪੁਰਾ ਮਿਉਨਸੀਪਲ ਕਮੇਟੀ ਦੇ ਪ੍ਰਧਾਨ ਪ੍ਰਵੀਣ ਛਾਬੜਾ ਅਤੇ ਉਸਦੇ ਪਰਿਵਾਰ 'ਤੇ ਸਰਕਾਰੀ ਮਸ਼ੀਨਰੀ ਰਾਹੀਂ ਦਬਾਅ ਬਣਾਕੇ ਅਸਤੀਫ਼ਾ ਲੈ ਲਿਆ ਗਿਆ। ਇਹ ਸਭ ਕਾਂਗਰਸ ਦੀ ਤਾਨਾਸ਼ਾਹੀ ਰਵਈਐ ਦੀ ਪੁਸ਼ਟੀ ਕਰਦੀ ਹੈ ਅਤੇ ਸਾਡੀ ਗੱਲ ਨੂੰ ਮਜਬੂਤੀ ਦਿੰਦੀ ਹੈ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਕਾਂਗਰਸ ਨੇ ਚੋਣ ਜਿੱਤਿਆ।
ਸਮੀਖਿਆ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਡਾ. ਬਲਦੇਵ ਚਾਵਲਾ, ਸੂਬਾ ਮਹਾਮੰਤਰੀ ਮਨਜੀਤ ਸਿੰਘ ਰਾਏ, ਜੀਵਨ ਗੁਪਤਾ, ਕੇਵਲ ਕੁਮਾਰ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਅਨਿਲ ਸਰੀਨ, ਹਰਜੀਤ ਸਿੰਘ ਗਰੇਵਾਲ, ਸਕੱਤਰ ਵਿਨੀਤ ਜੋਸ਼ੀ, ਅਨਿਲ ਸੱਚਰ, ਵਿਜੇ ਪੂਰੀ, ਰੇਣੂ ਥਾਪਰ, ਕੈਸ਼ੀਅਰ ਗੁਰਦੇਵ ਦੇਬੀ ਆਦਿ ਸ਼ਾਮਲ ਸਨ।