ਪਠਾਨਕੋਟ, 1 ਅਕਤੂਬਰ, 2017 : ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਰਹੇ ਜੋਗਿੰਦਰ ਸਿੰਘ ਛੀਨਾ ਸਮੇਤ ਕਰੀਬ ਦੋ ਦਰਜਨ ਸੀਨੀਅਰ ਆਗੂਆਂ ਅਤੇ ਸੈਂਕੜੇ ਵਰਕਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਅੱਜ ਇੱਥੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਪ੍ਰਭਾਤ ਝਾਅ ਅਤੇ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੀ ਹਾਜ਼ਰੀ ਵਿੱਚ ਇਹ ਐਲਾਨ ਕਰਦਿਆਂ ਸ਼੍ਰ: ਛੀਨਾ ਨੇ ਕਿਹਾ ਕਿ ਆਪ ਦੇ ਆਗੂ ਭਗਵੰਤ ਮਾਨ ਸਮੇਤ ਹੋਰ ਆਗੂਆਂ ਨੇ ਇਸ ਪਾਰਟੀ ਨੂੰ ਇੱਕ ਨਿੱਜੀ ਕੰਪਨੀ ਬਣਾ ਕੇ ਰੱਖ ਦਿੱਤਾ ਹੈ, ਜਿਹੜੀ ਆਪਣੇ ਅਸੂਲਾਂ ਤੋਂ ਕੋਹਾਂ ਦੂਰ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਘਟੀਆ ਤਰੀਕਿਆਂ ਨੂੰ ਦੇਖਦਿਆਂ ਭਾਜਪਾ ਦੇ ਦਲਿਤ ਪ੍ਰੇਮ ਤੋਂ ਪ੍ਰਭਾਵਿਤ ਹੋਕੇ ਫੈਸਲਾ ਕੀਤਾ ਕਿ ਮੈਂ ਉਸ ਪਾਰਟੀ ਵਿਚ ਸ਼ਾਮਲ ਹੋਵਾਂ ਜਿਸਦੇ ਮੁੱਖੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਵੱਛਤਾ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਫੈਸਲਾ ਕੀਤਾ ਕਿ ਅਜਿਹੀ ਪਾਰਟੀ ਵਿੱਚ ਸਮਾਂ ਖਰਾਬ ਕਰਨ ਦੀ ਥਾਂ 'ਤੇ ਦੇਸ਼ ਹਿੱਤ ਵਿੱਚ ਵੱਡੇ ਫੈਸਲੇ ਲੈਣ ਵਾਲੀ ਪਾਰਟੀ ਦੀ ਅਗਵਾਈ ਕਬੂਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਪਾਰਟੀ ਕਾਂਗਰਸ ਨੂੰ ਕਰਾਰੀ ਹਾਰ ਦੇਣ ਲਈ ਉਨ੍ਹਾਂ ਦੇ ਸਾਥੀਆਂ ਨੇ ਫੈਸਲਾ ਕੀਤਾ ਕਿ ਹਲਕਾ ਗੁਰਦਾਸਪੁਰ ਤੋਂ ਗਠਜੋੜ ਦੇ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੀ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਦੀਨਾਨਗਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਮਲਕਚੱਕ, ਆਪ ਦੇ ਬਲਾਕ ਪ੍ਰਧਾਨ ਪ੍ਰਤਾਪ ਸਿੰਘ ਜੇਠੂਵਾਲ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਡਾਲੀਆ, ਜ਼ਿਲ੍ਹਾ ਆਰਗੇਨਾਇਜ਼ਰ ਸਕੱਤਰ ਸ਼ਿਵਜਿੰਦਰ ਸਿੰਘ ਡਾਲਾ, ਜ਼ਿਲ੍ਹਾ ਸਕੱਤਰ ਕਾਲਾ ਸਿੰਘ ਸਾਹੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਬਲਦੇਵ ਸਿੰਘ ਮਲਕਚੱਕ, ਬਲਾਕ ਪ੍ਰਧਾਨ ਗੁਰਪਾਲ ਸਿੰਘ ਆਦਿ ਨੇ ਵੀ ਕਿਹਾ ਕਿ ਉਹ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਵਿੱਚ ਘੁਟਨ ਮਹਿਸੂਸ ਕਰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਤਾਂ ਇਹ ਫੈਸਲਾ ਲਿਆ ਹੀ ਹੈ ਅਤੇ ਨਾਲ ਹੀ ਬਾਕੀ ਸਾਥੀਆਂ ਨੂੰ ਵੀ ਅਪੀਲ ਕਰਨਗੇ ਕਿ ਆਪਣੇ ਮਕਸਦ ਤੋਂ ਭਟਕ ਚੁੱਕੀ ਆਪ ਨੂੰ ਅਲਵਿਦਾ ਆਖ ਕੇ ਗਠਜੋੜ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਕਜੁਟ ਹੋਣ।
ਉਕਤ ਆਗੂਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਪ੍ਰਭਾਤ ਝਾਅ ਨੇ ਕਿਹਾ ਕਿ ਪਾਰਟੀ ਵਿੱਚ ਇੰਨ੍ਹਾਂ ਆਗੂਆਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਆਗੂਆਂ ਦੇ ਫੈਸਲੇ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਹਲਕਾ ਗੁਰਦਾਸਪੁਰ ਵਿੱਚ ਗਠਜੋੜ ਦੇ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੀ ਜਿੱਤ ਯਕੀਨੀ ਹੈ। ਉਮੀਦਵਾਰ ਸਵਰਨ ਸਿੰਘ ਸਲਾਰੀਆ ਨੇ ਵੀ ਉਕਤ ਆਗੂਆਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਦਿਆਂ ਭਰੋਸਾ ਦਿਵਾਇਆ ਕਿ ਉਹ ਇੰਨ੍ਹਾਂ ਆਗੂਆਂ ਦੀ ਸੋਚ 'ਤੇ ਖਰੇ ਉੱਤਰਨਗੇ।
ਉਕਤ ਆਗੂਆਂ ਸਮੇਤ ਆਪ ਨੂੰ ਅਲਵਿਦਾ ਆਖਣ ਵਾਲਿਆਂ ਵਿੱਚ ਬਲਜਿੰਦਰ ਸਿੰਘ ਜੈਮਪੁਰ, ਟਹਿਲ ਸਿੰਘ ਬਹਿਰਾਮਪੁਰ, ਜੋਗਿੰਦਰ ਪਾਅ ਜਿੰਦਾ ਬਹਿਰਾਮਪੁਰ, ਮਾਸਟਰ ਰਾਮ ਨਾਥ ਰਾਮਪੁਰ, ਸਾਬਕਾ ਸਰਪੰਚ ਯਸ਼ਪਾਲ ਡੀਡਾ, ਸਿਟੀ ਪ੍ਰਧਾਨ ਛੱਜੂ ਰਾਮ ਅਤੇ ਪ੍ਰਸ਼ਾਂਤਪ੍ਰੀਤ ਸੈਣੀ ਵੀ ਹਾਜ਼ਰ ਸਨ।