ਪਠਾਨਕੋਟ, 7 ਅਕਤੂਬਰ, 2017 : ਕੇਂਦਰੀ ਰਾਜ ਮੰਤਰੀ ਰਾਜਵਰਧਣ ਰਾਠੌੜ ਨੇ ਕਿਹਾ ਕਿ ਅਜ਼ਾਦੀ ਦੇ 70 ਸਾਲ ਬਾਅਦ ਦੇਸ਼ ਵਿੱਚ ਵਿਕਾਸ ਦੀ ਗਤੀ ਅੱਗੇ ਵਧੀ ਹੈ। ਅੱਜ ਸਥਾਨਕ ਹੋਟਲ ਯੁਨਾਇਟ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਬਣਾਉਣ ਤੋਂ ਬਾਅਦ ਵੋਟਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਕਰਕੇ ਹੀ ਦੇਸ਼ ਵਿੱਚ ਵਿਕਾਸ ਤੇਜੀ ਨਾਲ ਹੋਣਾ ਸ਼ੁਰੂ ਹੋਇਆ ਹੈ। ਇਸ ਸਮੇਂ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵੀ ਹਾਜ਼ਰ ਸਨ। ਸ਼੍ਰੀ ਰਾਠੌੜ ਨੇ ਕਿਹਾ ਕਿ ਮੋਦੀ ਨੇ ਆਪਣੇ ਵਾਅਦੇ ਪੂਰੇ ਕਰਨ ਲਈ 40 ਸਾਲ ਦਾ ਟੀਚਾ ਨਹੀਂ ਰੱਖਿਆ ਬਲਕਿ ਇਸ ਦੇ ਨਤੀਜੇ ਪੰਜ ਸਾਲ ਦੇ ਅੰਦਰ ਹੀ ਦਿਖਾਉਣ ਦਾ ਨਿਸ਼ਚਾ ਕੀਤਾ ਹੋਇਆ ਹੈ।
ਸ਼੍ਰੀ ਰਾਠੌੜ ਨੇ ਕਿਹਾ ਕਿ ਭਾਜਪਾ ਵੋਟ ਦੀ ਰਾਜਨੀਤੀ ਨਹੀਂ ਕਰਦੀ ਬਲਕਿ ਦੇਸ਼ ਹਿੱਤ ਲਈ ਫੈਸਲੇ ਲੈਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਨਿੱਜੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲਏ ਜਾਣ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਕਾਂਗਰਸ ਨਿੱਜੀ ਹਿੱਤਾਂ ਨੂੰ ਹੀ ਪਹਿਲ ਦਿੰਦੀ ਰਹੀ ਹੈ। ਨੋਟਬੰਦੀ ਅਤੇ ਜੀ.ਐਸ.ਟੀ. ਸਬੰਧੀ ਲਏ ਫੈਸਲੇ ਸਬੰਧੀ ਸ਼੍ਰੀ ਰਾਠੌੜ ਨੇ ਕਿਹਾ ਕਿ ਦੇਸ਼ ਹਿੱਤ ਵਿੱਚ ਅਜਿਹੇ ਕਠੋਰ ਫੈਸਲੇ ਨਰਿੰਦਰ ਮੋਦੀ ਹੀ ਲੈ ਸਕਦੇ ਸਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਮੰਨਦੀ ਸੀ ਕਿ ਅਜਿਹੇ ਫੈਸਲੇ ਲਈ ਬਿਨ੍ਹਾਂ ਦੇਸ਼ ਦੇ ਵਿਕਾਸ ਦੀ ਗੱਡੀ ਅੱਗੇ ਨਹੀਂ ਵਧ ਸਕਦੀ, ਪਰ ਵੋਟਾਂ ਦੀ ਰਾਜਨੀਤੀ ਨੂੰ ਦੇਖਦਿਆਂ ਉਹ ਅਜਿਹੇ ਫੈਸਲੇ ਕਰਨ ਦੀ ਹਿੰਮਤ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੀ ਖਤਰੇ ਨੂੰ ਨਜ਼ਰਅੰਦਾਜ਼ ਕਰਕੇ ਦੇਸ਼ ਹਿੱਤ ਵਿੱਚ ਇਹ ਫੈਸਲਾ ਲਿਆ ਜਿਸ ਦਾ ਲਾਭ ਜਨਤਾ ਨੂੰੂ ਆਉਣ ਵਾਲੇ ਦਿਨਾਂ ਵਿੱਚ ਮਿਲੇਗਾ।
ਜੀ.ਐਸ.ਟੀ. ਨੂੰ ਲਾਗੂ ਕਰਨ ਦੇ ਕਦਮ ਨੂੰ ਸਹੀ ਦੱਸਦਿਆਂ ਵੁਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਜਿਸ ਤਰ੍ਹਾਂ ਦੇ ਸਾਧਨ ਚਾਹੀਦੇ ਹਨ, ਉਸ ਲਈ ਦਾਇਰਾ ਵਧਾਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਦੇਸ਼ ਵਿੱਚ ਸਿਰਫ਼ ਚਾਰ ਕਰੋੜ ਲੋਕ ਹੀ ਟੈਕਸ ਦਿੰਦੇ ਹਨ ਜਦਕਿ ਜੀ.ਐਸ.ਟੀ. ਲੱਗਣ ਕਾਰਨ ਟੈਕਸ ਦੇਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਜਿਸ ਨਾਲ ਸਰਕਾਰ ਦੇ ਸਾਧਨ ਵਧਣਗੇ ਅਤੇ ਤੇਜ਼ੀ ਨਾਲ ਵਿਕਾਸ ਹੋਵੇਗਾ। ਜੀ.ਐਸ.ਟੀ. ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਪੁੱਛੇ ਜਾਣ 'ਤੇ ਰਾਠੌੜ ਨੇ ਕਿਹਾ ਕਿ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿੱਚ ਵਪਾਰੀਆਂ ਨੂੰ ਅਨੇਕਾਂ ਛੋਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਲੇ ਵੀ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ ਅਤੇ ਜਿੱਥੇ ਵੀ ਪ੍ਰੇਸ਼ਾਨੀ ਦਿਖੇਗੀ ਸਰਕਾਰ ਉਸ ਨੂੰ ਦੂਰ ਕਰੇਗੀ। ਉਨ੍ਹਾਂ ਕਿਹਾ ਕਿ ਬਤੌਰ ਖੇਡ ਮੰਤਰੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਡਾਂ ਦੇ ਸਮਾਨ ਤੋਂ ਜੀ.ਐਸ.ਟੀ. ਦੀਆਂ ਦਰਾਂ ਘਟਾਈਆਂ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਰਾਂ ਘਟਣ ਦੀ ਪੂਰੀ ਉਮੀਦ ਹੈ।
ਪੱਤਰਕਾਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਚੱਲ ਰਹੀ ਅਸ਼ਲੀਲ ਵੀਡੀਓ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਸ਼੍ਰੀ ਰਾਠੌੜ ਨੇ ਕਿਹਾ ਕਿ ਰਾਜਨੀਤੀ ਦਾ ਪਤਨ ਹੋ ਗਿਆ ਹੈ ਅਤੇ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਇਹ ਪ੍ਰਚਾਰ ਉਨ੍ਹਾਂ ਦੀ ਘਟੀਆ ਰਾਜਨੀਤੀ ਦਾ ਅੱਤ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੇਸ਼ ਹਿੱਤ ਦੇ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ ਨਾ ਕਿ ਨਿੱਜੀ ਚਰਿੱਤਰ ਦਾ ਘਾਣ ਕਰਨ ਵਾਲੇ ਮੁੱਦਿਆਂ 'ਤੇ। ਉਨ੍ਹਾਂ ਕਿਹਾ ਕਿ ਕਾਂਗਰਸ ਪੂਰੇ ਦੇਸ਼ ਵਿੱਚ ਖਤਮ ਹੋ ਚੁੱਕੀ ਹੈ ਅਤੇ ਹਲਕਾ ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਜਿੱਤ ਨੂੰ ਸਪੱਸ਼ਟ ਦੇਖਦਿਆਂ ਕਾਂਗਰਸ ਘਟੀਆ ਰਾਜਨੀਤੀ 'ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਦਾ ਵੋਟਰਾਂ 'ਤੇ ਕੋਈ ਅਸਰ ਨਹੀਂ ਹੋਣਾ ਅਤੇ ਉਹ ਸਵਰਨ ਸਲਾਰੀਆ ਨੂੰ ਭਰਪੂਰ ਸਮਰਥਨ ਦੇਣਗੇ।
ਸ਼੍ਰੀ ਰਾਠੌੜ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਨੇ ਖੁਦ ਮੰਨਿਆ ਸੀ ਕਿ ਉਹ ਕੇਂਦਰ ਤੋਂ ਵਿਕਾਸ ਲਈ ਇੱਕ ਰੁਪਈਆ ਭੇਜਦੇ ਹਨ ਪਰ ਵਿਕਾਸ ਕਾਰਜਾਂ 'ਤੇ 15 ਪੈਸੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੋਟਾਂ ਲਈ ਕਾਂਗਰਸੀ ਪ੍ਰਧਾਨ ਮੰਤਰੀ ਇਸ ਵਿੱਚ ਸੁਧਾਰ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਪਧਾਨ ਮੰਤਰੀ ਨਰਿੰਦਰ ਮੋਦੀ ਵੋਟਾਂ ਲਈ ਦੇਸ਼ ਹਿੱਤ ਵਿੱਚ ਫੈਸਲਾ ਲੈਣ ਤੋਂ ਪਿੱਛੇ ਨਹੀਂ ਹਟੇ।
ਇਸ ਮੋਕੇ ਉਨ੍ਹਾਂ ਨਾਲ ਭਾਜਪਾ ਆਗੂ ਕਵਿਤਾ ਖੰਨਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸੂਬਾ ਸਕੱਤਰ ਵਿਨੀਤ ਜੋਸ਼ੀ, ਸੋਸ਼ਲ ਮੀਡੀਆ ਵਿਭਾਗ ਦੇ ਸੂਬਾ ਪ੍ਰਧਾਨ ਅਮਿਤ ਤਨੇਜਾ, ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਪ੍ਰਦੀਪ ਰੈਣਾ ਆਦਿ ਹਾਜ਼ਰ ਸਨ।