ਪੰਜਾਬ ਵਜ਼ਾਰਤ ਵਿਚ ਵਾਧਾ ਛੇਤੀ - ਰਾਹੁਲ ਕਰਨਗੇ ਨਵੇਂ ਮੰਤਰੀਆਂ ਦੀ ਸੂਚੀ ਤੇ ਮੋਹਰ -ਅਮਰਿੰਦਰ ਸਿੰਘ
ਚੰਡੀਗੜ, 15 ਅਕਤੂਬਰ 2017: ਸਰਕਾਰ ਵਿਰੁੱਧ ਝੂਠੇ ਦੋਸ਼ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਝੋਨੇ ਦੀ ਪਰਾਲੀ ਸਾੜਨ ਦੇ ਮੁੱਦੇ ਉੱਤੇ ਕਿਸਾਨਾਂ ਵਿਰੁੱਧ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ।
ਕੇਂਦਰ ਸਰਕਾਰ ਦੀ ਸਹਾਇਤਾ ਜਾਂ ਬਿਨਾਂ ਸਹਾਇਤਾ ਤੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਸਕੀਮ ਨੂੰ ਲਾਗੂ ਕਰਨ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਝੋਨੇ ਦੀ ਪਰਾਲੀ ਸਾੜਨ ਦੇ ਮੁੱਦੇ ਉੱਤੇ ਅਧਾਰਹੀਣ ਬਿਆਨ ਜਾਰੀ ਕਰਨ ਲਈ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਜਿਹੜੀ ਪਾਰਟੀ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਦੋ ਫੀਸਦੀ ਵੋਟਾਂ ਤੱਕ ਹੇਠਾਂ ਆ ਗਈ ਹੈ ਉਹ ਛੇਤੀ ਹੀ ਜ਼ੀਰੋ ਫੀਸਦੀ ’ਤੇ ਚਲੀ ਜਾਵੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਨੇ 2014 ਦੀ ਲੋਕ ਸਭਾ ਚੋਣ ਦੌਰਾਨ 1,73,376 ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਓਹੀ ਪਾਰਟੀ ਹੁਣ 23,579 ਵੋਟਾਂ ’ਤੇ ਆ ਕੇ ਸਿਮਟ ਗਈ ਹੈ। ਇੱਥੋਂ ਤੱਕ ਕੇ ਇਸ ਦੇ ਉਮੀਦਵਾਰ ਦੀ ਜਮਾਨਤ ਵੀ ਜ਼ਬਤ ਹੋ ਗਈ ਹੈ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਰਿਕਾਰਡ ਜਿੱਤ ਲਈ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਸਣੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਪੂਰੀ ਤਰਾਂ ਮਲੀਆਮੇਟ ਹੋ ਗਿਆ ਹੈ। ਜਾਖੜ ਨੇ ਇਸ ਨਤੀਜੇ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚਿਕਮਗਲੂਰ ਤੋਂ ਹੋਈ ਜਿੱਤ ਨਾਲ ਤੁਲਣਾ ਕੀਤੀ ਜਿਸ ਨੇ 1970ਵੇਂ ਦੇ ਆਖੀਰ ਵਿਚ ਕਾਂਗਰਸ ਦੀ ਮੁੜ ਸੁਰਜੀਤੀ ਕੀਤੀ ਸੀ।
ਝੋਨੇ ਦੀ ਜ਼ੋਰਾਂ ’ਤੇ ਚੱਲ ਰਹੀ ਕਟਾਈ ਦੇ ਮੌਜੂਦਾ ਸੀਜ਼ਨ ਦੌਰਾਨ ਮੁਕਾਬਲਤਨ ਘੱਟ ਵੋਟਿੰਗ ਹੋਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਨੇ ਭਾਰਤੀ ਜਨਤਾ ਪਾਰਟੀ ਦੇ ਹੋ ਰਹੇ ਨਿਘਾਰ ਉੱਤੇ ਮੋਹਰ ਲਾ ਦਿੱਤੀ ਹੈ ਅਤੇ ਇਸ ਨੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਜਿਸ ਨੇ ਵੱਖ ਵੱਖ ਯੂਨੀਵਰਸਿਟੀਆਂ ਵਿਚ ਹਾਲ ਹੀ ਦੀਆਂ ਚੋਣਾਂ ਦੌਰਾਨ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਮਹਾਂਰਾਸ਼ਟਰਾ ਦੀ ਨਗਰ ਪਾਲਿਕਾ ਚੋਣਾਂ ਅਤੇ ਕੇਰਲ ਦੀ ਲੋਕ ਸਭਾ ਉਪ ਚੋਣ ਵਿਚ ਕਾਂਗਰਸ ਧੜੇ ਦੀ ਹੋਈ ਜਿੱਤ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਆਉਂਦੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਦੀ ਜਿੱਤ ਦੀ ਉਮੀਦ ਪ੍ਰਗਟ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਮਨੀ ਚੋਣ ਦਾ ਨਤੀਜਾ ਜੀ.ਐਸ.ਟੀ ਅਤੇ ਨੋਟਬੰਦੀ ਦੀ ਪ੍ਰਤੀਿਆ ਹੋਣ ਦੇ ਨਾਲ ਨਾਲ ਲੋਕਾਂ ਦਾ ਅਕਾਲੀਆਂ ਤੋਂ ਮੋਹ ਭੰਗ ਹੋਣ ਦਾ ਨਤੀਜਾ ਵੀ ਹੈ ਜਿਨਾਂ ਦੇ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਆਗੂਆਂ ਨੇ ਭਾਜਪਾ ਦੇ ਉਮੀਦਵਾਰ ਦੇ ਹੱਕ ਵਿਚ ਤਿੱਖੀ ਚੋਣ ਮੁਹਿੰਮ ਕੀਤੀ। ਮੁੱਖ ਮੰਤਰੀ ਨੇ ਜਾਖੜ ਦੇ ਹੱਕ ਵੀ ਸਰਕਾਰੀ ਮਸ਼ੀਨਰੀ ਵਰਤੇ ਜਾਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਏਕੇ ਅਤੇ ਚੋਣ ਮੁਹਿੰਮ ਦੌਰਾਨ ਪਾਰਟੀ ਦੇ ਹਰੇਕ ਮੈਂਬਰ ਵੱਲੋਂ ਪਾਏ ਗਏ ਯੋਗਦਾਨ ਦੇ ਕਾਰਨ ਇਹ ਜਿੱਤ ਹੋਈ ਹੈ।
ਨਸ਼ੇ ਦੇ ਮਾਮਲੇ ਵਿਚ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਨਾ ਕਰਨ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਉਨਾਂ ਦੀ ਸਰਕਾਰ ਵੱਲੋਂ ਗਠਿਤ ਕੀਤੀ ਗਈ ਹੈ ਜਿਸ ਵੱਲੋਂ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਹਰੇਕ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਗਦ ਕਰਜ਼ਾ ਹੱਦਬੰਦੀ ਵਿਚ ਵਾਧਾ ਕਰਨ ਲਈ ਕੇਂਦਰ ਸਰਕਾਰ ਤੋਂ ਆਗਿਆ ਦੇਣ ਦੀ ਮੰਗ ਕੀਤੀ ਹੈ ਪਰ ਉਸ ਨੇ ਅਜੇ ਇਸ ਸਬੰਧੀ ਕੁਝ ਨਹੀਂ ਕੀਤਾ। ਉਨਾਂ ਕਿਹਾ ਕਿ ਕਰਜ਼ੇ ਮੁਆਫੀ ਦੀ ਸਕੀਮ ਨੂੰ ਲਾਗੂ ਕਰਨ ਲਈ ਉਨਾਂ ਦੀ ਸਰਕਾਰ ਖੁਦ ਪ੍ਰਬੰਧ ਕਰੇਗੀ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ ਅਤੇ ਕਰਜ਼ੇ ਮੁਆਫੀ ਬਾਰੇ ਸੂਬਾ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਅਤੇ ਮੰਤਰੀ ਮੰਡਲ ਨੇ ਇਸ ਦੀ ਪ੍ਰਵਾਨਗੀ ਦਿੱਤੀ ਹੋਈ ਹੈ।
ਪਰਾਲੀ ਸਾੜਨ ਉੱਤੇ ਐਨ.ਜੀ.ਟੀ ਦੀ ਪਾਬੰਦੀ ਨੂੰ ਲਾਗੂ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਰਾਲੀ ਦੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਭਾਰ ਨਹੀਂ ਉਠਾ ਸਕਦੇ। ਉਨਾਂ ਨੇ ਭਾਰੀ ਆਰਥਿਕ ਬੋਝ ਦੇ ਹੇਠ ਪਹਿਲਾਂ ਹੀ ਰਹਿ ਰਹੇ ਕਿਸਾਨਾਂ ਉਤੇ ਹੋਰ ਜ਼ੁਰਮਾਨਾ ਲਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨਾਂ ਕਿਹਾ ਕਿ ਆਰਥਿਕ ਬੋਝ ਕਾਰਨ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਦੇ ਨਾਲ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਣ ਲਈ ਸੂਬੇ ਵੱਲੋਂ ਕੀਤੀ ਜਾ ਰਹੀ ਮੰਗ ਦੇ ਸਬੰਧ ਵਿਚ ਕਦਮ ਚੁਕਣੇ ਚਾਹੀਦੇ ਹਨ।
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ ਭਿ੍ਰਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਬਣਾਈ ਗਈ ਕਮੇਟੀ ਵੱਲੋਂ ਕੀਤੀ ਗਈ ਜਾਂਚ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਵੱਲੋਂ ਇਸ ਰਿਪੋਰਟ ਦਾ ਜਾਇਜ਼ਾ ਲਏ ਜਾਣ ਤੋਂ ਬਾਅਦ ਇਹ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।
ਮੰਤਰੀ ਮੰਡਲ ਵਿਚ ਵਾਧਾ ਕੀਤੇ ਜਾਣ ਦੇ ਸਬੰਧ ਵਿਚ ਇਕ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੁਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ ਬਾਰੇ ਫੈਸਲਾ ਲੈਣਗੇ।
ਗੁਰਦਾਸਪੁਰ ਤੋਂ ਕਾਂਗਰਸ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਇਹ ਜਿੱਤ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੀ ਸਰਕਾਰ ਦੀਆਂ ਨੀਤੀਆਂ ਉੱਤੇ ਮੋਹਰ ਹੈ। ਇਸ ਜਿੱਤ ਨੇ ਉਨਾਂ ਵਿਰੋਧੀਆਂ ਦੀ ਬੋਲਤੀ ਬੰਦ ਕਰਵਾ ਦਿੱਤੀ ਹੈ ਜਿਹੜੇ ਇਹ ਦਾਅਵਾ ਕਰਦੇ ਸਨ ਕਿ ਪੰਜਾਬ ਵਿਚ ਵਿਕਾਸ ਦੇ ਕਾਰਜ ਨਹੀਂ ਸ਼ੁਰੂ ਕੀਤੇ ਗਏ। ਉਨਾਂ ਕਿਹਾ ਕਿ ਹੱਦ ਦਰਜੇ ਦੀ ਘਟੀਆ ਅਤੇ ਲੋਕ ਵਿਰੋਧੀ ਸੋਚ ਦੇ ਕਾਰਨ ਅਕਾਲੀ ਲੀਡਰਸ਼ਿਪ ਦੀ ਹਾਰ ਹੋਈ ਹੈ ਅਤੇ ਇਹ ਨਤੀਜੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਵਿਚ ਕਿੱਲ ਸਾਬਤ ਹੋਣਗੇ।
ਜਾਖੜ ਨੇ ਸੰਸਦ ਵਿਚ ਜੀ.ਐਸ.ਟੀ, ਬੇਰੁਜ਼ਗਾਰੀ ਅਤੇ ਇਸ ਸਰਹੱਦੀ ਖੇਤਰ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੇ ਮੁੱਦੇ ਉਠਾਉਣ ਦਾ ਵਾਅਦਾ ਕੀਤਾ। ਉਨਾਂ ਨੇ ਇਸ ਖੇਤਰ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਮੁੱਦਿਆਂ ਨੂੰ ਵੀ ਸੂਬਾ ਸਰਕਾਰ ਦੀ ਮਦਦ ਨਾਲ ਹੱਲ ਕਰਨ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੁਨਰ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਇਹ ਪੁੱਛੇ ਜਾਣ ’ਤੇ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਲੜਣਗੇ, ਜਾਖੜ ਨੇ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਇਹ ਪਾਰਟੀ ਹਾਈਕਮਾਨ ਉੱਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਪਾਰਟੀ ਹਾਈਕਮਾਨ ਉਨਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਦੇਵੇਗੀ ਉਹ ਉਸ ਨੂੰ ਨਿਭਾਉਣਗੇ।