ਹੋਰ ਪ੍ਰਾਈਵੇਟ ਹਸਪਤਾਲ ਵੀ ਵੇਂਟੀਲੇਟਰਾਂ ਦੀ ਜਰੂਰਤ ਬਾਰੇ ਡੀ.ਸੀ.ਦਫ਼ਤਰ ਨਾਲ ਕਰ ਸਕਦੇ ਸੰਪਰਕ ਜਾਣਕਾਰੀ-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
ਜਲੰਧਰ 26 ਅਗਸਤ 2020: ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਪ੍ਰਾਈਵੇਟ ਹਸਪਤਾਲਾਂ ਵੱਲ ਸਹਿਯੋਗ ਦਾ ਹੱਥ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜ ਪ੍ਰਾਈਵੇਟ ਹਸਪਤਾਲਾਂ ਨੂੰ ਮੁਫ਼ਤ 21 ਵੇਂਟੀਲੇਟਰ ਮੁਹੱਈਆ ਕਰਵਾਏ ਜਾਣਗੇ।
ਪੰਜ ਪ੍ਰਾਈਵੇਟ ਹਸਪਤਾਲ ਜਿਨਾਂ ਵਿੱਚ ਇੰਨੋਸੈਂਟ ਹਾਰਟ ਮਲਟੀ ਸਪੈਸ਼ਿਲਟੀ ਹਸਪਤਾਲ, ਸ੍ਰੀਮਨ ਮਲਟੀਸਪੈਸ਼ਿਲਟੀ ਹਸਪਤਾਲ, ਮਾਨ ਮੈਡੀਸਿਟੀ ਅਤੇ ਕਾਰਡੀਨੋਵਾ ਹਸਪਤਾਲ ਅਤੇ ਕੈਪੀਟੋਲ ਹਸਪਤਾਲ ਸ਼ਾਮਿਲ ਹਨ। ਇਨ੍ਹਾਂ ਹਸਪਤਾਲਾਂ ਵਲੋਂ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਵੇਂਟੀਲੇਟਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਤੱਕ ਪਹੁੰਚ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇੰਨੋਸੈਂਟ ਹਾਰਟਸ ਮਲਟੀਸਪੈਸਿਲਟੀ ਹਸਪਤਾਲ ਨੂੰ ਦੋ, ਸ੍ਰੀਮਨ ਹਸਪਤਾਲ ਨੂੰ ਚਾਰ, ਮਾਨ ਮੈਡੀਸਿਟੀ ਅਤੇ ਕਾਰਡੀਨੋਵਾ ਹਸਪਤਾਲ ਨੂੰ ਨੌ ਅਤੇ ਕੈਪੀਟੋਲ ਹਸਪਤਾਲ ਨੂੰ ਛੇ ਵੇਂਟੀਲੇਟਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿੱਚ ਕੋਵਿਡ ਦੇ ਲੈਵਲ-3 ਲਈ 77 ਅਤੇ ਲੈਵਲ-2 ਦੇ ਮਰੀਜ਼ਾਂ ਲਈ 78 ਬੈਡ ਮੌਜੂਦ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਲੋਂ ਇਨ੍ਹਾਂ ਵੇਂਟੀਲੇਟਰਾਂ ਨੂੰ ਕੋਵਿਡ ਦੇ ਗੰਭੀਰ ਮਰੀਜ਼ਾਂ ਜਿਨਾਂ ਨੂੰ ਵੇਂਟੀਲੇਟਰ ਦੀ ਜਰੂਰਤ ਹੈ ਲਈ ਵਰਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਜੀਵਨ ਰੱਖਿਅਕ ਇਨ੍ਹਾਂ ਮੈਡੀਕਲ ਉਪਕਰਨਾਂ ਨੂੰ ਚਲਾਉਣ ਲਈ ਮਾਹਿਰ ਮੈਡੀਕਲ ਅਮਲੇ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਹੋਵੇਗਾ।
ਸ੍ਰੀ ਥੋਰੀ ਨੇ ਦੱਸਿਆ ਕਿ ਦੂਜੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਵੇਂਟੀਲੇਟਰਾਂ ਦੀ ਜਰੂਰਤ ਬਾਰੇ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੂੰ ਪਹੁੰਚਾਉਣੀ ਚਾਹੀਦੀ ਹੈ ,ਜਿਨਾਂ ਨੂੰ ਲੋੜ ਅਨੁਸਾਰ ਵੇਂਟੀਲੇਟਰ ਮੁਹੱਈਆ ਕਰਵਾ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫ਼ੈਸਲਾ ਕੋਵਿਡ ਦੇ ਵੱਧ ਰਹੇ ਕੇਸਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਲਿਆ ਗਿਆ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵੇਂਟੀਲੇਟਰਾਂ ਦੀ ਘਾਟ ਬਾਰੇ ਦੱਸਿਆ ਜਾ ਰਿਹਾ ਸੀ। ਸ੍ਰੀ ਥੋਰੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੇਂਟੀਲੇਟਰਾਂ ਨੂੰ ਚਾਲੂ ਹਾਲਤ ਵਿੱਚ ਰੱਖਣਾ ਹੋਵੇਗਾ।
ਸ੍ਰੀ ਥੋਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸੂਬਾ ਸਰਕਾਰ 'ਮਿਸ਼ਨ ਫ਼ਤਿਹ' ਪ੍ਰੋਗਰਾਮ ਤਹਿਤ ਕੋਰੋਨਾ ਵਾਇਰਸ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਸੂਬੇ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਤੋਂ ਪਹਿਲਾਂ ਗੁਲਾਬ ਦੇਵੀ ਹਸਪਤਾਲ ਵਿਖੇ ਛੇ ਵੇਂਟੀਲੇਟਰ ਮੁਹੱਈਆ ਕਰਵਾਏ ਗਏ ਹਨ,ਜਿਥੋਂ ਦੂਰੇ ਵਾਈਵੇਟ ਹਸਪਤਾਲ ਕੋਵਿਡ-19 ਤੋਂ ਪ੍ਰਭਾਵਿਤ ਗੰਭੀਰ ਮਰੀਜ਼ਾਂ ਦੇ ਇਲਾਜ ਵਾਸਤੇ ਵੇਂਟੀਲੇਟਰ ਲੈ ਸਕਦੇ ਹਨ।