ਹਰੀਸ਼ ਕਾਲੜਾ
ਰੂਪਨਗਰ, 31 ਅਗਸਤ 2020: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੀ ਇਤਿਹਾਸਕ ਛਾਉਣੀ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ, ਸਿੰਘ ਸਾਹਿਬ ਸ਼੍ਰੋਮਣੀ ਪੰਥ ਰਤਨ, ਸ਼੍ਰੋਮਣੀ ਸੇਵਾ ਰਤਨ, ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਕਰਵਾਈ ਜਾ ਰਹੀ ਹੈ।ਇਹ ਇਤਿਹਾਸਕ ਗੁਰਦੁਆਰਾ ਜਿਲ੍ਹਾ ਰੋਪੜ ਪਿੰਡ ਨਰੰਗਪੁਰ ਬੜੀ ਵਿਖੇ ਉਚੀ ਪਹਾੜੀ ਤੇ ਇਕ ਕਿਲ੍ਹਾ ਨੁਮਾ ਬਣਿਆ ਹੋਇਆ ਹੈ।
ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਦੱਸਿਆ ਕਿ ਬਹੁਤ ਉਚੀ ਪਹਾੜੀ ਪੁਰ ਇਹ ਅਸਥਾਨ ਹੋਣ ਕਾਰਨ ਭਾਰੀ ਬਾਰਸ਼ਾਂ ਸਮੇਂ ਇਸ ਦੇ ਚੁਫੇਰਿਆਂ ਮਿੱਟੀ ਖੁਰ ਰਹੀ ਸੀ ਨੂੰ ਦੇਖਦਿਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਵਲੋਂ ਇਸ ਦੀ ਰੋਕਥਾਮ ਲਈ ਗੁਰਦੁਆਰਾ ਸਾਹਿਬ ਦੇ ਚੁਫੇਰੇ 50 ਫੁੱਟ ਉਚਾਈ ਤੀਕ ਪੱਥਰਾਂ, ਸੀਮੈਂਟ ਅਤੇ ਵਿਸ਼ੇਸ਼ ਸਟੀਲ ਜਾਲ ਨਾਲ ਬੰਨਾਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਰਸਤਿਆਂ ਨੂੰ ਸਵਾਰਿਆ ਜਾਵੇਗਾ।ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਰੰਗ ਰੋਗਨ ਦੀ ਸੇਵਾ ਵੀ ਬੁੱਢਾ ਦਲ ਵਲੋਂ ਚਲ ਰਹੀ ਹੈ।ਉਨ੍ਹਾਂ ਦੱਸਿਆ ਕਿ ਅੱਜ ਪੂਰਨ ਮਰਯਾਦਾ ਅਨੁਸਾਰ ਸੇਵਾ ਆਰੰਭ ਕੀਤੀ ਗਈ ਹੈ।ਉਨ੍ਹਾਂ ਹੋਰ ਦੱਸਿਆ ਕਿ ਬੁੱਢਾ ਦਲ ਦੀਆਂ ਅਨੇਕਾਂ ਛਾਉਣੀਆਂ ਦੀ ਕਾਰ ਸੇਵਾ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਚਲ ਰਹੀ ਹੈ।ਸ੍ਰ. ਬੇਦੀ ਨੇ ਹੋਰ ਦੱਸਿਆ ਕਿ ਬਾਬਾ ਜੀ ਦੀ ਸਰਪ੍ਰਸਤੀ ਹੇਠ ਬੁੱਢਾ ਦਲ ਦੀਆਂ ਛਾਉਣੀਆਂ ਵਿਚਲੀਆਂ ਖਸਤਾ ਇਮਾਰਤਾਂ ਦੀ ਨਵੇਂ ਸਿਰਿਓੁਂ ਉਸਾਰੀ ਕੀਤੀ ਗਈ ਤੇ ਕੀਤੀ ਜਾ ਰਹੀ ਹੈ।ਕਾਰ ਸੇਵਾ ਦੀ ਅਰੰਭਤਾ ਸਮੇਂ ਬਾਬਾ ਅਵਤਾਰ ਸਿੰਘ ਟਿੱਬੀ ਵਾਲੇ,ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਬਲਦੇਵ ਸਿੰਘ ਢੋਢੀਵਿੰਡ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਕਰਮ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸਰਬਜੀਤ ਸਿੰਘ ਡੀਸੀ ਆਦਿ ਹਾਜ਼ਰ ਸਨ।