ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਵਿੱਚ ਇੱਕ ਪੰਨਾ ਹੋਰ ਜੁੜ ਗਿਆ ਜਦੋਂ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਦੋ ਵਿਦਿਆਰਥੀ ਨਿਆਇਕ ਅਧਿਕਾਰੀਆਂ ਵਜੋਂ ਚੁਣੇ ਗਏ। ਡਾ. ਸੁਨੈਨਾ, ਇੰਚਾਰਜ, ਲਾਅ ਵਿਭਾਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿ. ਪੰਕਜ ਕੁਮਾਰ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਵਿੱਚ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਚੁਣਿਆ ਗਿਆ ਹੈ ਅਤੇ ਮਿਸ. ਖ਼ੁਸ਼ਦੀਪ ਕੌਰ ਨੂੰ ਪੰਜਾਬ ਵਿੱਚ ਨਿਆਇਕ ਅਧਿਕਾਰੀ ਵਜੋਂ ਚੁਣਿਆ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰੀਤ ਪਾਲ ਸਿੰਘ ਨੇ ਯੂਨੀਵਰਸਿਟੀ ਅਤੇ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਵਿਦਿਆਰਥੀ ਦੂਸਰੇ ਨਿਆਇਕ ਸੇਵਾਵਾਂ ਦੇ ਚਾਹਵਾਨਾਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਵਿਭਾਗ ਦੇ ਮੁਖੀ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਲਾਅ ਵਿਭਾਗ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਅਤੇ ਇਹੋ ਜਿਹੀਆਂ ਉਚਾਈਆਂ ਛੋਹਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਲਾਅ ਵਿਦਿਆਰਥੀਆਂ ਨੂੰ ਹਰ ਲੋੜੀਂਦੀ ਸਹਾਇਤਾ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਜਾਵੇਗੀ।
ਡਾ. ਸੁਨੈਨਾ ਨੇ ਅੱਗੇ ਕਿਹਾ ਕਿ ਇਹ ਵਿਦਿਆਰਥੀ ਹਮੇਸ਼ਾ ਹੀ ਆਪਣੇ ਟੀਚੇ ਪ੍ਰਤੀ ਸਮਰਪਿਤ, ਕੇਂਦਰਿਤ ਰਹੇ ਹਨ ਅਤੇ ਇਸ ਤਰ੍ਹਾਂ ਦੀ ਸਫਲਤਾ ਦੇ ਉਹ ਹੱਕਦਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਨੂੰ ਉਨ੍ਹਾਂ ਤੇ ਮਾਣ ਹੈ ਅਤੇ ਵਿਭਾਗ ਭਵਿੱਖ ਵਿੱਚ ਅਜਿਹੀਆਂ ਹੋਰ ਪ੍ਰਤਿਭਾਵਾਂ ਪੈਦਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਕੇਂਦਰੀ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਲਿਖਤੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਉਹ ਸਿਖਲਾਈ ਤੋਂ ਬਾਅਦ ਸ਼ਿਮਲਾ ਵਿੱਚ ਏ.ਡੀ.ਜੇ. ਵਜੋਂ ਆਪਣਾ ਅਹੁਦਾ ਸੰਭਾਲਣਗੇ। ਇੱਥੇ ਜ਼ਿਕਰ ਯੋਗ ਹੈ ਕਿ ਸ੍ਰੀ ਪੰਕਜ ਸ਼ਰਮਾ ਆਪਣੀ ਪੀ.ਐੱਚ.ਡੀ. ਦਾ ਖੋਜ ਕਾਰਜ ਡਾ. ਸੁਨੈਨਾ ਦੀ ਨਿਗਰਾਨੀ ਅਧੀਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਸ. ਖ਼ੁਸ਼ਦੀਪ ਕੌਰ ਨੂੰ ਪੰਜਾਬ ਵਿੱਚ ਨਿਆਇਕ ਅਧਿਕਾਰੀ ਵਜੋਂ ਚੁਣਿਆ ਗਿਆ ਹੈ ਅਤੇ ਉਹ ਜੁਡੀਸ਼ੀਅਲ ਅਕੈਡਮੀ ਵਿਖੇ ਸਿਖਲਾਈ ਅਧੀਨ ਹਨ।