ਜੀ.ਟੀ.ਰੋਡ ਤੋਂ ਬਸੀ ਪਠਾਣਾਂ ਤੇ ਮੋਰਿੰਡਾ ਜਾਣ ਵਾਲਿਆਂ ਲਈ ਕਰੇਗੀ ਬਾਈਪਾਸ ਦਾ ਕੰਮ
ਫ਼ਤਹਿਗੜ੍ਹ ਸਾਹਿਬ, 04 ਸਤੰਬਰ 2020: ਜੀ.ਟੀ. ਰੋਡ ਤੋਂ ਫਤਹਿਗੜ੍ਹ ਸਾਹਿਬ ਵਾਇਆ ਖਾਨਪੁਰ, ਰੇਤਗੜ੍ਹ,ਹਰਨਾਮ ਨਗਰ,ਸਰਹਿੰਦ ਸ਼ਹਿਰ ਜਾਣ ਵਾਲੀ 5.70 ਕਿਲੋਮੀਟਰ ਸੜਕ ਨੂੰ ਇੱਕ ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਤੇ ਮਜਬੂਤ ਕੀਤਾ ਜਾਵੇਗਾ ਅਤੇ ਇਹ ਸੜਕ ਜੀ.ਟੀ. ਰੋਡ ਤੋਂ ਬਸੀ ਪਠਾਣਾਂ ਤੇ ਮੋਰਿੰਡਾ ਜਾਣ ਵਾਲਿਆਂ ਲਈ ਬਾਈਪਾਸ ਦਾ ਕੰਮ ਕਰੇਗੀ। ਇਹ ਜਾਣਕਾਰੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਸੜਕ ਨੂੰ ਚੌੜਾ ਕੀਤੇ ਜਾਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸੜਕ ਦਾ ਤਿੰਨ ਕਿਲੋਮੀਟਰ ਹਿੱਸਾ 14 ਫੁੱਟ ਤੋਂ 18 ਫੁੱਟ ਅਤੇ ਦੂਜਾ 2.70 ਕਿਲੋਮੀਟਰ ਦਾ ਹਿੱਸਾ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਚੌੜਾ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਤੇ ਟਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇਗੀ।
ਸ੍ਰੀਮਤੀ ਨਾਗਰਾ ਨੇ ਕਿਹਾ ਕਿ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਫ਼ਤਹਿਗੜ੍ਹ ਸਾਹਿਬ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਕੈਪਟਨ ਸਰਕਾਰ ਬਣਨ ਤੋਂ ਪਿਛਲੇ 10 ਸਾਲਾਂ ਵਿੱਚ ਜਿਹੜੀਆਂ ਸੜਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਉਨ੍ਹਾਂ ਸੜਕਾਂ ਦੀ ਹਲਕਾ ਵਿਧਾਇਕ ਨੇ ਪਹਿਲ ਦੇ ਆਧਾਰ ’ਤੇ ਸਪੈਸ਼ਲ ਮੁਰੰਮਤ ਕਰਵਾਈ ਹੈ।
ਬੀਬੀ ਨਾਗਰਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ਚੌੜਾ ਤੇ ਮਜਬੂਤ ਕਰਵਾਇਆ ਗਿਆ ਤਾਂ ਜੋ ਸ਼ਹੀਦੀ ਸਭਾ ’ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ਼੍ਰੀਮਤੀ ਨਾਗਰਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥ ਹਿਤੈਸ਼ੀ ਦੱਸਣ ਵਾਲੇ ਅਕਾਲੀਆਂ ਨੇ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੀ ਕਦੇ ਵੀ ਸਾਰ ਨਹੀਂ ਲਈ ਜਦੋਂ ਕਿ ਕਾਂਗਰਸ ਸਰਕਾਰ ਨੇ ਹਮੇਸ਼ਾਂ ਇਸ ਧਰਤੀ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਨੂੰ ਚਾਲੂ ਕੀਤਾ ਹੈ।ਇਸ ਮੌਕੇ ਪੰਚਾਇਤੀ ਰਾਜ ਦੇ ਐਕਸੀਅਨ ਜਸਵੀਰ ਸਿੰਘ,ਸੀਨੀਅਰ ਕਾਂਗਰਸੀ ਆਗੂ ਸਾਹਬਾਜ ਸਿੰਘ ਨਾਗਰਾ,ਜੇ.ਈ ਦਲਜੀਤ,ਸਰਪੰਚ ਬਲਜੀਤ ਕੌਰ,ਨਿਹਾਲ ਸਿੰਘ,ਪੰਚ ਮੋਹਣ ਸਿੰਘ,ਰਾਜਪਾਲ ਸਿੰਘ ਸੋਢੀ,ਪ੍ਰਿਤਪਾਲ ਸਿੰਘ ਸੋਢੀ,ਗੁਰਨਾਮ ਸਿੰਘ,ਕੁਲਵੰਤ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।