ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ, ਪ੍ਰੋਜੈਕਟਾਂ ਦਾ ਲਿਆ ਜਾਇਜਾ
ਅਧਿਕਾਰੀਆਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤ ਕੇ ਵਿਕਾਸ ਕਾਰਜ ਹੋਰ ਤੇਜ ਕਰਨ ਦੀ ਹਦਾਇਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 27 ਅਗਸਤ 2020: ਕੋਵਿਡ-19 ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤਹਿਤ ਅੱਜ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵੱਲੋਂ ਵੱਖ ਵੱਖ ਵਿਭਾਗਾਂ ਦੇ ਵਿਕਾਸ ਕਾਰਜਾਂ, ਪ੍ਰਗਤੀ ਆਦਿ ਸਬੰਧੀ ਜਾਇਜ਼ਾ ਲੈਣ ਲਈ ਵੈੱਬ ਐਕਸ ਰਾਹੀਂ (ਵਰਚੁਅਲ) ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਵਿਕਾਸ ਤਹਿਤ ਜਿਲ੍ਹੇ ਦੀਆਂ ਨਗਰ ਕੌਂਸਲਾਂ ਵਿੱਚ ਸੀਵਰੇਜ, ਵਾਟਰ ਸਪਲਾਈ, ਘਰਾਂ ਤੋਂ ਕੂੜਾ ਇਕੱਠਾ ਕਰਨ, ਵਿਕਾਸ ਕਾਰਜਾਂ ਆਦਿ ਸਬੰਧੀ ਜਾਣਕਾਰੀ ਲਈ। ਉਨ੍ਹਾਂ ਸਿੱਖਿਆ ਵਿਭਾਗ ਤੋਂ ਸਰਬ ਸਿੱਖਿਆ ਅਭਿਆਨ, ਰਮਸਾਂ, ਸਮਾਰਟ ਸਕੂਲ, ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ ਆਦਿ ਬਾਰੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਜਿਲ੍ਹਾ ਪ੍ਰੋਗਰਾਮ ਅਫਸਰ ਤੋਂ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਖੁਰਾਕ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕੋਵਿਡ-19 ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ, ਪੇਂਡੂ ਖੇਤਰਾਂ ਤੇ ਸ਼ਹਿਰੀ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ, ਮਗਨਰੇਗਾ ਅਧੀਨ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਦਿਹਾੜੀਦਾਰਾਂ ਨੂੰ ਦਿੱਤੇ ਗਏ ਰੁਜ਼ਗਾਰ, ਸਮਾਰਟ ਵਿਲੇਜ ਸਕੀਮ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਰੂਰਲ, ਆਰ.ਡੀ.ਐਫ. ਜਲ ਜੀਵਨ ਮਿਸ਼ਨ, ਪੇਂਡੂ ਸੜਕਾਂ ਦੀ ਸਾਂਭ ਸੰਭਾਲ ਅਤੇ ਰਿਪੇਅਰ ਆਦਿ ਸਮੇਤ ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ।ਉਨ੍ਹਾਂ ਸਿਹਤ ਵਿਭਾਗ ਤੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਮੁਫਤ ਇਲਾਜ ਦੀ ਸਹੂਲਤ ਸਬੰਧੀ ਜਾਣਕਾਰੀ ਵੀ ਲਈ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਕਰੋਨਾ ਮਹਾਂਮਾਰੀ ਕਾਰਨ ਰੁਕੇ ਵਿਕਾਸ ਕਾਰਜਾਂ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਤਾਂ ਜੋ ਵਿਕਾਸ ਨੂੰ ਮੁੜ ਲੀਹਾਂ ਤੇ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਜਿਲ੍ਹੇ ਵਿੱਚ ਵਿਕਾਸਸ਼ੀਲ ਕਾਰਾਂ ਤੇ 57 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ।ਉਨ੍ਹਾਂ ਵਿਕਾਸ ਕੰਮਾਂ ਵਿਚ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਪਣਾਉਣ ਦੀ ਹਦਾਇਤ ਵੀ ਕੀਤੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਡੀ.ਡੀ.ਪੀ.ਓ. ਮੈਡਮ ਬਲਜੀਤ ਕੌਰ, ਜਿਲ੍ਹਾ ਸਿੱਖਿਆ ਅਫਸਰ ਸ: ਪਰਮਿੰਦਰ ਸਿੰਘ ਬਰਾੜ, ਡੀ.ਐਫ.ਐਸ.ਸੀ. ਸ੍ਰੀ ਜਸਪ੍ਰੀਤ ਸਿੰਘ ਕਾਹਲੋਂ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਓੜਾ, ਸ੍ਰੀ ਰਣਦੀਪ ਹਾਂਡਾ ਸਹਾਇਕ ਡਾਇਰੈਕਟਰ ਡੇਅਰੀ ਵਿਭਾਗ, ਸ੍ਰੀ ਅਮ੍ਰਿੰਤ ਲਾਲ ਈ.ਓ. ਫਰੀਦਕੋਟ, ਸ੍ਰੀ ਬਲਵਿੰਦਰ ਸਿੰਘ ਈ.ਓ. ਕੋਟਕਪੂਰਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।