ਹਰੀਸ਼ ਕਾਲੜਾ
ਰੂਪਨਗਰ, 31 ਅਗਸਤ 2020: ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾ ਵੱਲੋਂ ਲੋਕਾਂ ਨੂੰ ਕੋਵਿਡ ਮਹਾਂਮਾਰੀ ਦੇ ਸਬੰਧ ਵਿਚ ਅਪੀਲ ਕਰਦਿਆਂ ਕਿਹਾ ਗਿਆ ਕਿ ਸੂਬੇ ਵਿੱਚ ਵੱਧ ਰਹੇ ਕੇਸਾਂ ਦੇ ਮੱਦੇਨਜਰ ਬਗੈਰ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ,ਮਾਸਕ ਪਾ ਕੇ ਰੱਖਿਆ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਹਸਪਤਾਲਾਂ ਵਿਚ ਆਉਣ ਦੀ ਬਜਾਏ ਈ-ਸਜੀਵਨੀ ਰਾਹੀਂ ਈ-ਪ੍ਰਿਸਕ੍ਰਿਪਸ਼ਨ ਦਾ ਇਸਤੇਮਾਲ ਕੀਤਾ ਜਾਵੇ।
ਉਹਨਾਂ ਦੱਸਿਆ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਲੋਕਾਂ ਨੂੰ ਕੋਰੋਨਾ ਦੇ ਪੀੜਿਤ ਦੱਸ ਕੇ ਹੈਲਥ ਵਰਕਰਾਂ ਵੱਲੋਂ ਜਬਰਦਸਤੀ ਘਰੋਂ ਚੱਕਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਅੰਗ ਕੱਢੇ ਜਾ ਰਹੇ ਹਨ ਜੋ ਕਿ ਸਰਾ-ਸਰ ਬੇਬੁਨਿਆਦ ਅਤੇ ਆਧਾਰਹੀਣ ਅਫਵਾਹਾਂ ਹਨ। ਜਿਕਰਯੋਗ ਹੈ ਕਿ ਸਮੁੱਚਾ ਸਿਹਤ ਵਿਭਾਗ ਪਿਛਲੇ 7 ਮਹੀਨਿਆਂ ਤੋਂ ਪੂਰੀ ਤਨਦੇਹੀ ਨਾਲ ਇਸ ਬਿਮਾਰੀ ਤੇ ਕਾਬੂ ਪਾਉਣ ਵਿਚ ਲੱਗਿਆ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਆਉਣ ਤੇ ਤੁਰੰਤ ਟੈਸਟ ਕਰਵਾਉਣ ਅਤੇ ਹਰ ਇਕ ਵਿਅਕਤੀ ਦਾ ਜੁਮੇਵਾਰ ਨਾਗਰਿਕ ਹੋਣ ਨਾਤੇ ਫਰਜ ਬਣਦਾ ਹੈ ਕਿ ਉਹ ਸਰਕਾਰ ਵੱਲੋਂ ਕੋਵਿਡ ਤੋਂ ਬਚਾ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਕੇ ਆਪਣਾ ਫਰਜ ਨਿਭਾ ਰਹੇ ਹਨ। ਜੇਕਰ ਟੈਸਟ ਜਿਆਦਾ ਕੀਤੇ ਜਾਣਗੇ ਤਾਂ ਹੀ ਮੁੱਢਲੇ ਚਰਨ ਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ ਅਤੇ ਬਣਦੀ ਮੈਨੇਜਮੈਂਟ ਕੀਤੀ ਜਾ ਸਕੇਗੀ। ਘਰਾਂ ਵਿੱਚ ਜੇਰੇ ਇਲਾਜ ਵਿਅਕਤੀ ਜੋ ਕਿ ਕੋਰੋਨਾ ਪੋਜੀਟਿਵ ਹਨ ਨੂੰ ਆਪਣਾ ਆਕਸੀਜਨ ਲੈਵਲ ਅਤੇ ਤਾਪਮਾਨ ਹਰ 2-2 ਘੰਟੇ ਬਾਅਦ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਖਤਰੇ ਦੇ ਚਿੰਨ੍ਹ ਜਿਵੇਂ ਕਿ ਸਾਹ ਔਖਾ ਆਉਣਾ , ਤੇਜ ਬੁਖਾਰ , ਆਕਸੀਜਨ ਲੈਵਲ ਦੀ ਕਮੀ ਅਤੇ ਸਿਹਤ ਦੀ ਦਰ 30 ਪ੍ਰਤੀ ਮਿੰਟ ਤੋਂ ਜਿਆਦਾ ਹੋਣ ਦੀ ਸਥਿਤੀ ਵਿੱਚ ਲਾਗਲੀ ਸਿਹਤ ਸੰਸਥਾ ਵਿਖੇ ਤੁਰੰਤ ਸੰਪਰਕ ਕੀਤਾ ਜਾਵੇ।ਪੋਜੀਟਿਵ ਕੇਸਾਂ ਦੀ ਮੈਨੇਜਮੈਂਟ ਦੇ ਸਬੰਧ ਵਿਚ ਕੀਤੇ ਗਏ ਇੰਤਜਾਮਾਂ ਸਬੰਧੀ ਉਹਨਾਂ ਦੱਸਿਆ ਕਿ ਬਗੈਰ ਲੱਛਣ ਵਾਲੇ ਪੋਜੀਟਿਵ ਮਰੀਜਾਂ ਦੀ ਸੰਭਾਲ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ 400 ਬੈੱਡ ਦੀ ਸੁਵਿਧਾ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਵਿਖੇ ਕੀਤੀ ਗਈ ਹੈ ਅਤੇ ਲੱਛਣਾਂ ਵਾਲੇ ਮਰੀਜਾਂ ਲਈ ਸਿਵਲ ਹਸਪਤਾਲ ਰੋਪੜ, ਸਿਵਲ ਹਸਪਤਾਲ ਨੰਗਲ ਅਤੇ ਬੀ.ਬੀ.ਐਮ.ਬੀ ਨੰਗਲ ਵਿਖੇ ਇਤਜਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋੜ ਪੈਣ ਤੇ ਲੈਵਲ-1 ਤੋਂ ਲੈਵਲ-2 ਅਤੇ ਲੈਵਲ-2 ਤੋਂ ਲੈਵਲ-3 ਤੇ ਮਰੀਜਾਂ ਨੂੰ ਸਿਫਟ ਕਰਨ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਐਚ.ਐੱਨ.ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੱਲ੍ਹ 30 ਅਗਸਤ ਤੱਕ 34656 ਕੁੱਲ ਟੈਸਟ ਕੀਤੇ ਗਏ ਹਨ ਜਿਹਨਾਂ ਵਿੱਚੋਂ 890 ਮਰੀਜ ਹੁਣ ਤਕ ਪੋਜੀਟਿਵ ਪਾਏ ਗਏ ਹਨ। ਜਿਲੇ ਅੰਦਰ ਕੋਰੋਨਾ ਦੇ ਹੁਣ ਤੱਕ 33536 ਮਰੀਜ ਨੈਗੇਟਿਵ ਪਾਏ ਗਏ ਹਨ, 615 ਕੇਸ ਰਿਕਵਰਡ ਹੋ ਚੁਕੇ ਹਨ 257 ਐਕਟਿਵ ਕੇਸ ਹਨ ਅਤੇ 18 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।