ਆਸ਼ਾ ਵਰਕਰਾਂ ਹੀ ਅਸਲੀ ਕੋਰੋਨਾ ਯੋਧੇ : ਸਿਵਲ ਸਰਜਨ
ਅਸ਼ੋਕ ਵਰਮਾ
ਮਾਨਸਾ, 31 ਅਗਸਤ 2020: ਸਿਵਲ ਸਰਜਨ ਡਾ. ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਮਿਸ਼ਨ ਫ਼ਤਿਹ ਤਹਿਤ ਆਸ਼ਾ ਵਰਕਰਾਂ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਮੂਹਰਲੀ ਕਤਾਰ ਵਿੱਚ ਅੱਗੇ ਹੋ ਕੇ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਦੁਆਰਾ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਕੋਵਿਡ ਸੈਂਪਲਿੰਗ ਲਈ ਪ੍ਰੇਰਿਤ ਕਰਨਾ, ਘਰਾਂ ਵਿੱਚ ਆਈਸੋਲੇਟ ਪਾਜ਼ਿਟਿਵ ਕੇਸਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕਰਕੇ ਸਿਹਤ ਸਬੰਧੀ ਸੁਝਾਅ ਦੇਣਾ, ਕੋਰੋਨਾ ਮਹਾਂਮਾਰੀ ਦੌਰਾਨ ਗਰਭਵਤੀ ਔਰਤਾਂ ਦੇ ਹਸਪਤਾਲਾਂ ਵਿੱਚ ਜਣੇਪੇ ਕਰਵਾਉਣੇ, ਛੋਟੇ ਬੱਚਿਆਂ ਦਾ ਟੀਕਾਕਰਣ ਕਰਵਾਉਣਾ, ਪਿੰਡਾਂ ਵਿੱਚ ਵੀ.ਐਚ.ਐਸ.ਐਨ.ਸੀ. ਕਮੇਟੀਆਂ ਦੇ ਮੈਂਬਰਾਂ ਆਦਿ ਨੂੰ ਮੀਟਿੰਗਾਂ ਵਿੱਚ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕਰਨਾ ਆਦਿ ਕੰਮ ਆਸ਼ਾ ਵਰਕਰਾਂ ਵੱਲੋਂ ਬਾਖੂਬੀ ਨਿਭਾਏ ਜਾ ਰਹੇ ਹਨ।
ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ ਕੋਰੋਨਾ ਯੋਧਿਆਂ ਦਾ ਸਨਮਾਨ ਕਰਨ ਦੀ ਬਜਾਏ ਸ਼ੋਸ਼ਲ ਮੀਡੀਆ 'ਤੇ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਤਰਾਂ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਸਿਹਤ ਵਿਭਾਗ ਪੂਰੀ ਤਰ੍ਹਾਂ ਰੱਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਂਮਾਰੀ ਦੇ ਕਾਲ ਵਿੱਚ ਆਸ਼ਾ ਵਰਕਰਾਂ ਆਪਣੇ ਤਨ-ਮਨ ਅਤੇ ਇਮਾਨਦਾਰੀ ਨਾਲ ਸੇਵਾ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਸਿਹਤ ਵਿਭਾਗ ਵਿੱਚ ਕਈ ਅਹਿਮ ਸੁਧਾਰ ਹੋਏ ਹਨ ਅਤੇ ਸਿਹਤ ਸੇਵਾਵਾਂ ਦੀ ਬਦੌਲਤ ਪੰਜਾਬ ਸਰਕਾਰ ਨੂੰ ਕਈ ਅਵਾਰਡ ਪ੍ਰਾਪਤ ਹੋਏ ਹਨ।ਉਨ੍ਹਾਂ ਦੱਸਿਆ ਕਿ ਇਸ ਮਹਾਂਮਾਰੀ ਦੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਦਿੱਤੀਆਂ ਬੇਮਿਸਾਲ ਸੇਵਾਵਾਂ ਦੀ ਸਿਹਤ ਵਿਭਾਗ ਸ਼ਲਾਘਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਆਸ਼ਾ ਵਰਕਰਾਂ ਅਸਲੀ ਕੋਰੋਨਾ ਯੋਧੇ ਹਨ।