ਹਰੀਸ਼ ਕਾਲੜਾ
ਰੂਪਨਗਰ 31 ਅਗਸਤ 2020 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਾ. ਗੁਰਪ੍ਰੀਤ ਸਿੰਘ ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ 'ਮੇਘਦੂਤ' ਮੋਬਾਇਲ ਐਪ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲਾ ਵੱਲੋਂ ਮੇਘਦੂਤ' ਨਾਂਅ ਦੀ ਮੋਬਾਇਲ ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ। ਇਹ ਐਪ ਮਿਸ਼ਨ ਫਤਿਹ ਤਹਿਤ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਮੋਸਮ ਦੀ ਭਵਿੱਖਵਾਣੀ ਨਾਲ ਸਬੰਧਤ ਸੂਚਨਾਵਾਂ, ਮੌਸਮ ਨਾਲ ਸਬੰਧਤ ਚੇਤਾਵਨੀਆਂ ਅਤੇ ਖੇਤੀ ਮੌਸਮ ਸਲਾਹਾਂ ਦੇਣ ਲਈ ਬਣਾਈ ਗਈ ਹੈ। ਮੇਘਦੂਤ ਐਪਲੀਕੇਸ਼ਨ ਪਿਛਲੇ ਦੱਸ ਦਿਨਾਂ ਅਤੇ ਅਗਲੇ ਪੰਜ ਦਿਨਾਂ ਦੇ ਮੌਸਮੀ ਮਾਪਦੰਡਾਂ ਜਿਵੇਂ ਤਾਪਮਾਨ, ਨਮੀ, ਵਰਖਾ, ਹਵਾ ਦੀ ਗਤੀ ਅਤੇ ਹਵਾ ਦੀ ਦਿਸ਼ਾ ਬਾਰੇ ਜਾਣਕਾਰੀ ਦਿੰਦੀ ਹੈ। ਇਸ ਤੋਂ ਇਲਾਵਾ ਮੇਘਦੂਤ ਐਪ ਰਾਂਹੀ ਮੋਸਮ ਦੇ ਹਿਸਾਬ ਨਾਲ ਖੇਤੀ ਕਾਰਜ਼ਾਂ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹ ਐਪ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਉਪਲੱਬਧ ਹੈ।ਇਸ ਵਿੱਚ ਹਰ ਜ਼੍ਹਿਲੇ ਲਈ ਮੀਂਹ, ਤੂਫਾਨ, ਗੜੇਮਾਰੀ, ਤੇਜ਼ ਹਵਾਵਾਂ ਆਦਿ ਲਈ 'ਨਾਉਕਾਸਟ' ਵੀ ਉਪਲੱਬਧ ਹੁੰਦਾ ਹੈ ਜੋ ਕਿ ਅਗਲੇ ਤਿੰਨ ਘੰਟਿਆਂ ਦੀ ਮੌਸਮ ਭਵਿੱਖਬਾਣੀ ਹੁੰਦੀ ਹੈ। ਇਸ ਨੂੰ ਗੂਗਲ ਐਪ ਸਟੋਰ ਅਤੇ ਐਪਲ ਸਟੋਰ ਵਿੱਚੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਆਪਣੇ ਫੋਨ ਨੰਬਰ ਨਾਲ ਰਜ਼ਿਸਟਰ ਕਰੋ ਅਤੇ ਆਪਣੇ ਜ਼ਿਲ੍ਹੇ ਦੀ ਚੋਣ ਕਰ ਲਵੋ।
ਡਾ. ਮੱਕੜ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦੀ ਮਦਦ ਨਾਲ ਕਿਸਾਨ ਆਪਣੀਆਂ ਫ਼ਸਲਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ ਅਗੇਤੇ ਲੋੜੀਂਦੇ ਕਦਮ ਚੁੱਕ ਸਕਣਗੇ। ਖਾਸ ਤੌਰ ਤੇ ਕਿਸਾਨ ਫ਼ਸਲਾਂ ਦੀ ਸਿੰਚਾਈ ਕਰਨ ਅਤੇ ਖਾਦਾਂ ਦਵਾਈਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਮੌਸਮ ਦੀ ਸਥਿਤੀ ਦਾ ਪਤਾ ਲਗਾ ਸਕਣਗੇ।ਉਹਨਾਂ ਕਿਹਾ ਕਿ ਮੌਸਮ ਨਾਲ ਸਬੰਧਿਤ ਜਾਣਕਾਰੀ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਬਹੁ ਗਿਣਤੀ ਖਾਦਾਂ ਤੇ ਦਵਾਈਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੌਸਮ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਕਈ ਦਵਾਈਆਂ ਦੇ ਛਿੜਕਾਅ ਤੋਂ ਬਾਅਦ ਜੇਕਰ ਵਰਖਾ ਹੋ ਜਾਵੇ ਤਾਂ ਦਵਾਈ ਦਾ ਅਸਰ ਖਤਮ ਹੋ ਜਾਂਦਾ ਹੈ ਜਾਂ ਕਈ ਵਾਰ ਕਿਸੇ ਫ਼ਸਲ ਦੀ ਬਿਜਾਈ ਉਪਰੰਤ ਮੀਂਹ ਦਾ ਪਾਣੀ ਬੀਜ ਨੂੰ ਉੱਗਣ ਨਹੀਂ ਦਿੰਦਾ।ਇਸ ਐਪ ਨਾਲ ਕਿਸਾਨ ਮੌਸਮ ਦੇ ਹਿਸਾਬ ਨਾਲ ਖੇਤੀਬਾੜੀ ਨਾਲ ਸਬੰਧਤ ਕੰਮਕਾਜ਼ ਕਰ ਸਕਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿੱਖੇ ਜ਼੍ਹਿਲਾ ਐਗਰੋਮੈਟ ਯੂਨਿਟ ਦੇ ਪ੍ਰਸਾਰ ਸਹਾਇਕ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਮੋਬਾਇਲ ਤੇ ਮੌਸਮ ਦੀ ਜਾਣਕਾਰੀ ਦੇਣ ਲਈ ਮੇਘਦੂਤ ਐਪ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਜਿਥੇ ਅੰਗਰੇਜ਼ੀ ਭਾਸ਼ਾ ਅਤੇ ਦੇਸ਼ ਦੀਆਂ ਖੇਤਰੀ ਭਾਸ਼ਾਵਾ ਵਿੱਚ ਵੀ ਮੌਸਮ ਦਾ ਅਨੁਮਾਨ ਅਤੇ ਫ਼ਸਲਾਂ ਸਬੰਧੀ ਵਿਸ਼ੇਸ਼ ਖੇਤੀ-ਸਲਾਹ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਐਪ ਭਾਰਤ ਦੇ ਮੌਸਮ ਵਿਭਾਗ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ। ਉਹਨਾ ਨੇ ਇਹ ਵੀ ਕਿਹਾ ਕਿ ਫ਼ਸਲਾਂ ਅਤੇ ਪਸ਼ੂਆਂ ਸਬੰਧੀ ਵਿਸ਼ੇਸ਼ ਖੇਤੀ ਸਲਾਹ ਸਿੱਧੇ ਤੌਰ ਤੇ ਐਪ ਦੇ ਡੈਸ਼ਬੋਰਡ ਤੇ ਉਪਲਬਧ ਕਰਵਾਈ ਜਾਦੀ ਹੈ ਜੋ ਕਿ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਰੋਪੜ ਜ਼੍ਹਿਲੇ ਲਈ ਕੇ. ਵੀ ਕੇ, ਰੋਪੜ ਵਲੋਂ ਅਪਡੇਟ ਕੀਤੀ ਜਾਂਦੀ ਹੈ।