ਚੰਡੀਗੜ੍ਹ, 30 ਅਗਸਤ 2020: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅੱਜ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਸ਼ਰਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ। ਡਾ. ਸ਼ਰਮਾ ਕੋਵਿਡ -19 ਤੋਂ ਪੀੜਤ ਸਨ ਜਿਨ੍ਹਾਂ ਨੇ ਅੱਜ ਸਵੇਰੇ ਅੰਮ੍ਰਿਤਸਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।
ਡਾ. ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੇ ਇਕ ਹੋਣਹਾਰ ਅਤੇ ਮਿਹਨਤੀ ਅਧਿਕਾਰੀਆਂ ਵਿਚੋਂ ਸਨ ਜਿਨ੍ਹਾਂ ਦੀ ਉਮਰ ਸਿਰਫ਼ 53 ਸਾਲ ਸੀ। ਉਹ ਮਾਰਚ ਤੋਂ ਹੀ ਕੋਵਿਡ-19 ਵਿਰੁੱਧ ਮੋਹਰਲੀ ਕਤਾਰ ਵਿੱਚ ਲੜ ਰਹੇ ਸਨ ਅਤੇ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਵਿੱਚ ਦਿਨ ਰਾਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ। ਉਸ ਨੂੰ ਆਪਣੀਆਂ ਸੇਵਾਵਾਂ ਲਈ ਹਮੇਸ਼ਾ ਇੱਕ ਸੱਚੇ ਕੋਰੋਨਾ ਯੋਧੇ ਵਜੋਂ ਯਾਦ ਕੀਤਾ ਜਾਵੇਗਾ।
ਸ. ਸਿੱਧੂ ਨੇ ਕਿਹਾ ਕਿ ਉਹ ਦਿਲ ਦੇ ਮਰੀਜ਼ ਸਨ। ਬਾਅਦ ਵਿੱਚ ੳਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ੳਨ੍ਹਾਂ ਨੂੰ ਵੈਂਟੀਲੇਟਰ `ਤੇ ਰੱਖਿਆ ਗਿਆ। ਪੀਜੀਆਈ ਦੇ ਮਾਹਿਰ ਡਾਕਟਰ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖ ਰਹੇ ਸਨ ਅਤੇ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਪੀਜੀਆਈ ਜਾਂ ਮੇਦਾਂਤਾ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਅੱਜ ਸਵੇਰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਬੇਟੀ ਅਤੇ ਬੇਟਾ ਨੂੰ ਛੱਡ ਗਏ ਹਨ।
ਸ. ਸਿੱਧੂ ਨੇ ਡਾ. ਅਰੁਣ ਸ਼ਰਮਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਡਾ. ਸ਼ਰਮਾ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਿਹਤ ਵਿਭਾਗ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਉਨ੍ਹਾਂ ਦੀਆਂ ਸੁਹਿਰਦ ਸੇਵਾਵਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਦੁਖੀ ਪਰਿਵਾਰ ਨਾਲ ਖੜ੍ਹਾ ਰਹੇਗਾ।
ਗੌਰਤਲਬ ਹੈ ਕਿ ਡਾ. ਅਰੁਣ ਸ਼ਰਮਾ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮਡੀ ਟ੍ਰਾਂਸਫਿਊਜ਼ਨ ਕੀਤੀ ਸੀ ਅਤੇ ਕਮਿਉਨਟੀ ਹੈਲਥ ਸੈਂਟਰ ਫਤਿਹਗੜ੍ਹ ਚੂੜੀਆਂ ਵਿਖੇ ਐਸਐਮਓ ਰਹੇ। ਬਲੱਡ ਟਰਾਂਸਫਿਊਜ਼ਨ ਅਧਿਕਾਰੀ ਵਜੋਂ ਉਨ੍ਹਾਂ ਨੇ ਬਲੱਡ ਬੈਂਕ ਅੰਮ੍ਰਿਤਸਰ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ।