ਗਊਮਾਤਾ ਨੂੰ ਰਾਸ਼ਟਰੀ ਜੀਵ ਐਲਾਨੇ ਜਾਣ ਦੀ ਮੰਗ
ਚੰਡੀਗੜ੍ਹ, 31 ਅਗਸਤ 2020: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਗਊਮਾਤਾ ਨੂੰ ਰਾਸ਼ਟਰੀ ਜੀਵ ਐਲਾਨੇ ਜਾਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਸਨਾਤਨ ਹਿੰਦੂ ਸੰਸਕ੍ਰਿਤੀ 'ਚ ਵਿਸ਼ਵਾਸ਼ ਰੱਖਦੇ ਹੋਏ ਗਊ ਸੇਵਾ ਪ੍ਰਤੀ ਸਮਰਪਿਤ ਹਨ ਜਦਕਿ ਗਊਮਾਤਾ ਸਨਾਤਨ ਧਰਮ ਦੀ ਰੀੜ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਧਰਤੀ ਮਾਤਾ ਸਾਨੂੰ ਫਸਲਾਂ ਤੇ ਵਨਸਪਤੀ ਆਦਿ ਦੇ ਕੇ ਜੀਵਤ ਰੱਖਦੀ ਹੈ, ਉਸੇ ਗਊ ਮਾਤਾ ਵੀ ਸਾਨੂੰ ਦੁੱਧ ਦੇ ਕੇ ਸਾਡਾ ਪੋਸ਼ਣ ਕਰਦੀ ਹੈ।
ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਗਊ ਮਾਤਾ 'ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਪਾਬੰਦੀਸ਼ੁਦਾ ਹੋਣਾ ਚਾਹੀਦਾ ਹੈ, ਕੀ ਇਸ ਦੇ ਦੁਧਾਰੂ ਨਾ ਰਹਿਣ 'ਤੇ ਇਸਨੂੰ ਮਾਰ ਦੇਣਾ ਹੀ ਇਕ ਹੱਲ ਹੈ? ਗਊ ਸੇਵਾ ਕਮਿਸ਼ਨ ਪੰਜਾਬ ਗਊਧਨ ਨੂੰ ਸੜਕਾਂ ਤੋਂ ਗਊਸ਼ਾਲਾਵਾਂ ਤੱਕ ਪੁੱਜਦਾ ਕਰਕੇ ਗਊਧਨ ਦੀ ਰੱਖਿਆ ਕਰਨ ਸਮੇਤ ਇਸ ਦੀ ਸੰਭਾਂਲ ਅਤੇ ਪੋਸ਼ਣ ਕਰਨ ਲਈ ਵਚਨਬੱਧ ਹੈ, ਜਿਸ ਲਈ ਪੰਜਾਬ ਦੀਆਂ ਗਊਸ਼ਾਲਾਵਾਂ ਨੂੰ ਸਵੈਨਿਰਭਰ ਬਣਾਉਣ ਦੀ ਕਾਰਵਾਈ ਅਰੰਭੀ ਗਈ ਹੈ।
ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਗਊ ਹੱਤਿਆ ਖ਼ਿਲਾਫ਼ ਸਖ਼ਤ ਕਾਨੂੰਨ ਸਬੰਧੀਂ ਪੂਰੇ ਦੇਸ਼ 'ਚ ਚਰਚਾ ਜਾਰੀ ਹੈ, ਇਸ ਮੁੱਦੇ 'ਤੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਜੁਰਮਾਨੇ ਸਮੇਤ ਉਮਰਕੈਦ ਅਤੇ ਮੌਤ ਦੀ ਸਜਾ ਦੀ ਤਜਵੀਜ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਿਤੇ ਨਾ ਕਿਤੇ ਗਊ ਹੱਤਿਆ ਹੋ ਰਹੀ ਹੈ ਪਰ ਕਿਸੇ ਦੇ ਸਿਰ 'ਤੇ ਜੂੰ ਨਹੀਂ ਸਰਕਦੀ ਪਰੰਤੂ ਇਸ ਨਾਲ ਧਾਰਮਿਕ ਤੇ ਸੰਵੇਦਕ ਭਾਵਨਾਂਵਾਂ ਨੂੰ ਠੇਸ ਪੁੱਜਦੀ ਹੈ। ਇਸ ਲਈ ਗਊਮਾਤਾ ਦਾ ਸਨਮਾਨ ਕਰਨਾ ਹੀ ਪੈਣਾ ਹੈ।
ਪੌਰਾਣਕ ਸਮੇਂ ਅਤੇ ਕਥਾਵਾਂ ਦਾ ਹਵਾਲਾ ਦਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਗਾਂ ਵਿੱਚ 33 ਕਰੋੜ ਦੇਵੀ-ਦੇਵਤੇ ਨਿਵਾਸ ਕਰਦੇ ਹਨ ਅਤੇ ਇਹ ਮੁਕਤੀ ਦਾ ਦੁਆਰ ਹੈ ਤੇ ਇਸ ਦਾ ਦੁੱਧ ਅੰਮ੍ਰਿਤ ਅਤੇ ਗਊਮੂਤਰ ਜੀਵਨ ਦੇਣ ਵਾਲੀ ਔਸ਼ਧੀ ਹੈ। ਗਊ ਦਾਨ ਨੂੰ ਸਰਵਸ੍ਰੇਸ਼ਠ ਮੰਨਿਆ ਜਾਂਦਾ ਹੈ ਤੇ ਇਸ ਦੀ ਸੇਵਾ ਈਸ਼ਵਰ ਦੀ ਸੇਵਾ ਸਮਾਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਗਊ ਹੱਤਿਆ 'ਤੇ ਮੁਗਲ ਬਾਦਸ਼ਾਹਾਂ ਨੇ ਵੀ ਪਾਬੰਦੀ ਲਗਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਵਿਰੁੱਧ ਕਾਨੂੰਨ ਬਣਾਇਆ ਸੀ ਜਦੋਂਕਿ ਨੇਪਾਲ ਨੇ ਇਸ ਨੂੰ ਪਹਿਲਾਂ ਹੀ ਰਾਸ਼ਟਰੀ ਜੀਵ ਐਲਾਨ ਦਿੱਤਾ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਗਊ ਮਾਤਾ ਨੂੰ ਰਾਸ਼ਟਰੀ ਜੀਵ ਐਲਾਨ ਦੇਣਾਂ ਚਾਹੀਦਾ ਹੈ ਅਤੇ ਗਊ ਹੱਤਿਆ ਖ਼ਿਲਾਫ਼ ਸਖ਼ਤ ਸਜਾ ਦੀ ਤਜਵੀਜ ਹੋਣੀ ਚਾਹੀਦੀ ਹੈ।
ਚੇਅਰਮੈਨ ਨੇ ਮੰਗ ਕੀਤੀ ਕਿ ਗਊ ਮੰਤਰਾਲੇ ਦਾ ਗਠਨ ਕੀਤਾ ਜਾਵੇ ਅਤੇ ਇਸ ਤੋਂ ਪੈਦਾ ਹੁੰਦੇ ਗੋਬਰ ਤੇ ਮੂਤਰ ਦੀ ਸਦਵਰਤੋਂ ਕੀਤੀ ਜਾਵੇ। 10 ਸਾਲ ਤੱਕ ਦੇ ਬੱਚਿਆਂ ਨੂੰ ਗਊ ਮੁਫ਼ਤ ਦੁੱਧ ਪਿਲਾਉਣ ਦਾ ਪ੍ਰਬੰਧ ਕੀਤਾ ਜਾਵੇ, ਗਊਆਂ ਲਈ ਗਊ ਚਰਾਂਦਾਂ ਦਾ ਪ੍ਰਬੰਧ ਹੋਵੇ। ਸ੍ਰੀ ਸ਼ਰਮਾ ਨੇ ਆਸ ਜਤਾਈ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਨੂੰ ਸੰਜੀਦਗੀ ਨਾਲ ਵਿਚਾਰਦੇ ਹੋਏ ਉਨ੍ਹਾਂ ਸਮੇਤ ਸਮੂਹ ਗਊ ਭਗਤਾਂ ਨੂੰ ਨਿਰਾਸ਼ ਨਹੀਂ ਕਰਨਗੇ ਅਤੇ ਜਲਦੀ ਹੀ ਗਊ ਮਾਤਾ ਨੂੰ ਰਾਸ਼ਟਰੀ ਜੀਵ ਐਲਾਨ ਦੇਣਗੇ।