ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 31 ਅਗਸਤ 2020: ਸੂਬੇ ਅੰਦਰ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਹਫ਼ਤੇ ਦੇ ਆਖ਼ਰੀ ਦੋ ਦਿਨਾ ਵੀਕੇਂਡ ਲਾਕਡਾਊਨ ਦਾ ਫੈਸਲਾ ਸੁਣਾਇਆ ਗਿਆ ਹੈ, ਜੋ ਕਿ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਜਾਰੀ ਹੈ, ਪਰ ਹੁਣ ਵੀਕੇਂਡ ਲਾਕਡਾਊਨ ਨੂੰ ਲੈ ਕੇ ਲੋਕ ਖ਼ੁਦ ਨੂੰ ਸਤਾਇਆ ਮਹਿਸੂਸ ਕਰਨ ਲੱਗੇ ਹਨ। ਸ਼ਨੀਵਾਰ ਤੇ ਐਤਵਾਰ ਨੂੰ ਲਾਗੂ ਰਹਿੰਦੇ ਦੋ ਦਿਨਾ ਲਾਕਡਾਊਨ ਤੋਂ ਬਾਅਦ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੰਦਰ ਲੋਕਾਂ ਦੀ ਪਹਿਲੀ ਆਮਦ ਕਰਿਆਣੇ ਦੀਆਂ ਦੁਕਾਨਾਂ ’ਤੇ ਰਹੀ। ਕਿਤੇ ਲੋਕ ਸਬਜ਼ੀਆਂ ਖ਼ਰੀਦਦੇ ਦਿਖਾਈ ਦਿੱਤੇ ਤਾਂ ਕਿਤੇ ਘਰ ਲਈ ਰਾਸ਼ਨ, ਪਾਣੀ ਦਾ ਇੰਤਜ਼ਾਮ ਕਰਦੇ, ਕਿਉਂਕਿ ਲਾਕਡਾਊਨ ਦੌਰਾਨ ਦੋ ਦਿਨ ਜਿੱਥੇ ਬਜ਼ਾਰ ਮੁਕੰਮਲ ਬੰਦ ਸਨ, ਉਥੇ ਹੀ ਪੁਲਸ ਦੀ ਸਖ਼ਤਾਈ ਕਰਕੇ ਲੋਕ ਘਰੋਂ ਵੀ ਨਹੀਂ ਹਨ ਨਿਕਲ ਰਹੇ, ਪਰ ਜਿਵੇਂ ਹੀ ਸੋਮਵਾਰ ਦਾ ਦਿਨ ਚੜ੍ਹਿਆ, ਲੋਕ ਆਪਣੇ ਕੰਮ-ਧੰਦਿਆਂ ’ਤੇ ਜਾਂਦੇ ਵਿਖਾਈ ਦਿੱਤੇ ਤੇ ਰੋਜਮਰ੍ਹਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਰਹੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਜ਼ਿਲ੍ਹੇ ਅੰਦਰ ਕੋਰੋਨਾ ਪੂਰੀ ਤਰ੍ਹਾਂ ਨਾਲ ਹਾਵੀ ਹੋਇਆ ਪਿਆ ਹੈ, ਪਰ ਜੇਕਰ ਹਫ਼ਤੇ ਦੇ ਪੰਜ ਦਿਨ ਸਭ ਖੁੱਲ੍ਹਿਆ ਰਹਿੰਦਾ ਹੈ ਤਾਂ ਆਖ਼ਰੀ ਦੋ ਦਿਨ ਬੰਦ ਕਰਨ ਨਾਲ ਕੋਰੋਨਾ ਦਾ ਖ਼ਾਤਮਾ ਜਾਂ ਬਚਾਅ ਕਿਵੇਂ ਹੋ ਸਕਦਾ ਹੈ? ਲੋਕਾਂ ’ਚ ਹਾਸੋਹੀਣੇ ਮਜ਼ਾਕ ਵੀ ਹੋ ਰਹੇ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਸਿਰਫ਼ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਮਨੁੱਖੀ ਜ਼ਿੰਦਗੀ ਲਈ ਘਾਤਕ ਹੈ, ਸੋਮਵਾਰ ਤੇ ਸ਼ੁੱਕਰਵਾਰ ਨੂੰ ਨਹੀਂ। ਦੱਸ ਦੇਈਏ ਕਿ ਸੂਬਾ ਸਰਕਾਰ ਦੇ ਨਿਰਦੇਸ਼ ਅਨੁਸਾਰ ਸੂਬੇ ਭਰ ਅੰਦਰ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਕਰਕੇ ਮੇਨ ਰੋਡ, ਬਜ਼ਾਰ, ਪਬਲਿਕ ਅਦਾਰੇ ਆਦਿ ਸੰੁਨੇ ਸਨ, ਪਰ ਜਦੋਂ ਅੱਜ ਜਿਵੇਂ ਹੀ ਵੀਕੇਂਡ ਲਾਕਡਾਊਨ ਤੋਂ ਬਾਅਦ ਨਵਾਂ ਦਿਨ ਚੜ੍ਹਿਆ ਤਾਂ ਲੋਕਾਂ ਦੀ ਆਮਦ ਸੜਕਾਂ ’ਤੇ ਆਮ ਵਾਂਗ ਹੋ ਗਈ ਸੀ। ਭਾਵੇਂ ਕਿ ਪੁਲਸ ਪ੍ਰਸਾਸ਼ਨ ਕੋਵਿਡ ਨਿਯਮਾਂ ਨੂੰ ਮਨਵਾਉਣ ਲਈ ਮੁਸਤੈਦ ਹੈ, ਪਰ ਫ਼ਿਰ ਵੀ ਕਿਤੇ ਨਾ ਕਿਤੇ ਇਕੱਠ ਪ੍ਰਸਾਸ਼ਨ ਦੀਆਂ ਅਜਿਹੀਆਂ ਹਦਾਇਤਾਂ ਦੀ ਖਿੱਲੀ ਜ਼ਰੂਰ ਉਡਾ ਜਾਂਦਾ ਹੈ।