ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 31 ਅਗਸਤ 2020: ਕਰਜ਼ ਮਾਫ਼ੀ ਦੀ ਮੰਗ ਨੂੰ ਲੈ ਕੇ ਸਥਾਨਕ ਅਨਾਜ਼ ਮੰਡੀ ’ਚ ਅੱਜ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਤੇ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਰੋਹ ਭਰਪੂਰ ਰੈਲੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮਜ਼ਦੂਰਾਂ ਵੱਲੋਂ ਮਾਈਕਰੋ ਕੰਪਨੀਆਂ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ, ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਸੂਬਾ ਕਮੇਟੀ ਮੈਂਬਰ ਪ੍ਰਕਾਸ਼ ਸਿੰਘ ਨੰਦਗੜ੍ਹ ਤੇ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂਆਂ ਡਾ. ਦਲਜੀਤ ਸਿੰਘ, ਦਰਸ਼ਨਾਂ ਕੌਰ ਨੇ ਕਿਹਾ ਕਿ ਮਾਈਕ੍ਰੋਫਾਇਨਾਂਸ ਕੰਪਨੀਆਂ ਮਜ਼ਦੂਰਾਂ ਨੂੰ ਡਰਾ ਧਮਕਾ ਕੇ ਕਿਸ਼ਤਾਂ ਵਸੂਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਿਤ ਨਹੀਂ ਕਰਾਂਗੇ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਲਏ ਮਾਈਕਰੋ ਕੰਪਨੀਆਂ ਤੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ, ਅੱਗੇ ਤੋਂ ਸਰਕਾਰ ਮਜ਼ਦੂਰਾਂ ਨੂੰ ਸਸਤੀਆਂ ਦਰਾਂ ਤੇ ਲੰਮੀ ਮੁਨਿਆਦ ਦੇ ਕਰਜ਼ੇ ਦੇਵੇ, ਮਜ਼ਦੂਰਾਂ ਤੋਂ ਜਬਰੀ ਕਿਸ਼ਤਾਂ ਦੀ ਵਸੂਲੀ ਬੰਦ ਕਰਵਾਈ ਜਾਵੇ, ਮਨਰੇਗਾ ਅਧੀਨ 700 ਰੁਪਏ ਦਿਹਾੜੀ ਦਿੱਤੀ ਜਾਵੇ, ਬਿਨਾ ਵਿਤਕਰੇ ਬਿਨਾ ਕਿਸੇ ਭਿ੍ਰਸ਼ਟਾਚਾਰ ਤੋਂ ਕੰਮ ਦਿੱਤਾ ਜਾਵੇ, ਸਿਹਤ ਸੇਵਾਵਾਂ, ਵਿੱਦਿਅਕ ਸੰਸਥਾਵਾਂ ਦਾ ਸਰਕਾਰੀਕਰਨ ਕਰਕੇ ਗਰੀਬਾਂ ਨੂੰ ਉੱਚ ਇਲਾਜ਼ ਤੇ ਇਕਸਾਰ ਮਿਆਰੀ ਸਿੱਖਿਆ ਮੁਫ਼ਤ ਦੇਣ ਦੀ ਗਰੰਟੀ ਦਿੱਤੀ ਜਾਵੇ, ਬੇਜ਼ਮੀਨੇ ਸਾਧਨਹੀਣ ਪੇਂਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਬਿਨਾ ਵਿਤਕਰੇ ਤੋਂ ਅਨਾਜ ਤੇ ਘੱਟ ਤੋਂ ਘੱਟ 10 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਨੂੰ ਨਗਦ ਮੁਆਵਜ਼ਾ ਦਿੱਤਾ ਜਾਵੇ, ਪੇਂਡੂ ਤੇ ਸ਼ਹਿਰੀ ਗਰੀਬਾਂ ਦੇ ਸਮੁੱਚੇ ਬਿਜਲੀ ਬਿੱਲ ਮਾਫ਼ ਕੀਤੇ ਜਾਣ, ਪਿਛਲੇ ਬਕਾਇਆ ਤੇ ਲਕੀਰ ਮਾਰੀ ਜਾਵੇ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਮੋਦੀ ਸਰਕਾਰ ਦੇ ਗਰੀਬ ਮਾਰੂ ਖੇਤੀ ਵਿਰੋਧੀ ਆਰਡੀਨੈਂਸ ਰੱਦ ਕੀਤੇ ਜਾਣ, ਸਮੁੱਚੇ ਗਰੀਬਾਂ ਨੂੰ ਬਿਨਾ ਨਾਗਾ, ਬਿਨਾਂ ਵਿਤਕਰੇ ਤੋਂ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤਾਂ ਨੂੰ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ।