← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 31 ਅਗਸਤ 2020: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਤਸਾਹਿਤ ਕਰਨ ਲਈ ਬਹੁਤ ਹੀ ਸੁੰਦਰ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅਜਿਹਾ ਹੀ ਇੱਕ ਬਾਸਕਟਬਾਲ ਦਾ ਮੈਦਾਨ ਮਾਨਸਾ ਸਬ-ਡਵੀਜ਼ਨ ਦੇ ਪਿੰਡ ਕੋਟੜਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਸਮੇਂ ਤੋਂ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਬੱਚਿਆਂ ਖਾਸ ਤੌਰ 'ਤੇ ਕੁੜੀਆਂ ਲਈ ਇੱਕ ਬਾਸਕਟਬਾਲ ਦੇ ਮੈਦਾਨ ਦੀ ਉਸਾਰੀ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਬਾਸਕਟਬਾਲ ਦਾ ਮੈਦਾਨ ਨਹੀਂ ਸੀ ਜਿਸ ਕਾਰਨ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਨੇੜਲੇ ਸ਼ਹਿਰ ਸਫ਼ਰ ਕਰਕੇ ਖੇਡਣ ਲਈ ਜਾਣਾ ਪੈਂਦਾ ਸੀ।ਉਨ੍ਹਾਂ ਦੱਸਿਆ ਕਿ ਸ਼ਾਮ ਦੇ ਸਮੇਂ ਸਫ਼ਰ ਕਰਕੇ ਦੂਜੇ ਕਿਸੇ ਸ਼ਹਿਰ ਵਿੱਚ ਜਾ ਕੇ ਖੇਡਣਾ ਕੁੜੀਆਂ ਲਈ ਕਾਫ਼ੀ ਮੁਸ਼ਕਿਲ ਅਤੇ ਅਸੁਰੱਖਿਅਤ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ 'ਤੇ ਗ੍ਰਾਮ ਪੰਚਾਇਤ ਵੱਲੋਂ ਇਸ ਕੰਮ ਨੂੰ ਮਗਨਰੇਗਾ ਸਕੀਮ ਅਧੀਨ ਕਰਵਾਉਣ ਲਈ ਸੰਪਰਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਬਾਸਕਟਬਾਲ ਮੈਦਾਨ ਨੂੰ ਤਿਆਰ ਕਰਵਾਉਣ ਵਿੱਚ ਕੁੱਲ 4.38 ਲੱਖ ਰੁਪਏ ਖਰਚ ਆਏ ਸਨ, ਜਿਨ੍ਹਾਂ ਵਿੱਚੋਂ 1.429 ਲੱਖ ਰੁਪਏ ਪੰਚਾਇਤ ਫੰਡਜ਼ ਅਤੇ 2.952 ਲੱਖ ਰੁਪਏ ਮਗਨਰੇਗਾ ਸਕੀਮ ਤਹਿਤ ਖ਼ਰਚ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਮਗਨਰੇਗਾ ਵੱਲੋਂ 196 ਦਿਹਾੜੀਆਂ ਤਿਆਰ ਕੀਤੀਆਂ ਗਈਆਂ। ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਖੇਡ ਮੈਦਾਨ ਦੇ ਬਣਨ ਨਾਲ ਸਕੂਲ ਦੀ ਸੁੰਦਰਤਾ ਵਿੱਚ ਹੋਰ ਵੀ ਨਿਖ਼ਾਰ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਖੇਡ ਮੈਦਾਨ ਪਿੰਡ ਵਾਸੀਆਂ ਲਈ ਕਾਫ਼ੀ ਸੁਰੱਖਿਅਤ ਹੈ ਕਿਉਂਕਿ ਨੇੜੇ ਹੋਣ ਕਾਰਨ ਇੱਥੇ ਪਿੰਡ ਦੇ ਬੱਚੇ ਅਤੇ ਕੁੜੀਆਂ ਆਸਾਨੀ ਨਾਲ ਪਹੁੰਚ ਸਕਦੇ ਹਨ ਅਤੇ ਦੇਰ ਸ਼ਾਮ ਤੱਕ ਖੇਡ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰੋਜੈਕਟ ਮਗਨਰੇਗਾ ਜਾਬ ਕਾਰਡ ਧਾਰਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਵੀ ਕਾਫ਼ੀ ਲਾਭਦਾਇਕ ਸਿੱਧ ਹੁੰਦੇ ਹਨ।
Total Responses : 265