← ਪਿਛੇ ਪਰਤੋ
ਸਿਰਫ ਇੱਕ ਦਿਨ ਦਾ ਸੈਸ਼ਨ ਬੁਲਾਉਣਾ ਪੰਜਾਬ ਦੀ ਜਨਤਾ ਨਾਲ ਧੋਖਾ- ਕਾਕਾ ਬਰਾੜ, ਗੁਰਭੇਜ ਰੋਮਾਣਾ ਮਨਿੰਦਰਜੀਤ ਸਿੱਧੂ ਜੈਤੋ, 27 ਅਗਸਤ 2020 : ਗੁੱਟਕਾ ਸਾਹਿਬ ਨੂੰ ਹੱਥ ਵਿੱਚ ਫੜ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਉੱਪਰ ਕਾਬਜ ਹੋਣ ਵਾਲੀ ਕੈਪਟਨ ਸਰਕਾਰ ਹਰ ਮੁੱਦੇ ਉੱਪਰ ਫੇਲ ਹੋ ਚੁੱਕੀ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਜਿਲ਼ਾ ਜਰਨਲ ਸਕੱਤਰ ਜਸਮੇਲ ਸਿੰਘ ਕਾਕਾ ਬਰਾੜ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕੁੱਝ ਹਫਤਿਆਂ ਵਿੱਚ ਨਸ਼ਿਆਂ ਦਾ ਜੜੋਂ ਖਾਤਮਾ ਕਰਨ ਦੀਆਂ ਫੜਾਂ ਮਾਰਨ ਵਾਲੇ ਮਹਾਰਾਜਾ ਸਾਹਿਬ ਦੇ ਰਾਜ ਵਿੱਚ ਪਹਿਲਾਂ ਨਾਲੋਂ ਵੀ ਤੇਜ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਸਰਕਾਰ ਦੀ ਨਲਾਇਕੀ ਅਤੇ ਸੱਤਾਧਾਰੀ ਧਿਰ ਦੀ ਪੁਸ਼ਤਪਨਾਹੀ ਹੇਠ ਚੱਲ ਰਹੇ ਨਕਲੀ ਸ਼ਰਾਬ ਦਾ ਧੰਦਾ ਪਿਛਲੇ ਦਿਨੀਂ ਹੋਈਆਂ ਮੌਤਾਂ ਦਾ ਕਾਰਨ ਬਣਿਆ ਅਤੇ ਇਸ ਲਈ ਆਬਕਾਰੀ ਮਹਿਕਮੇ ਦਾ ਚਾਰਜ ਆਪਣੇ ਕੋਲ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪੰਜਾਬ ਹੀ ਪੂਰੇ ਦੇਸ਼ ਵਿੱਚੋਂ ਪਹਿਲਾ ਅਜਿਹਾ ਸੂਬਾ ਹੈ ਜੋ ਕੋਰੋਨਾ ਮਹਾਂਮਾਰੀ ਉੱਪਰ ਜਿੱਤ ਹਾਸਲ ਕਰਨ ਵਜੋਂ ਮਿਸ਼ਨ ਫਤਿਹ ਮਨਾਉਣ ਤੋਂ ਬਾਅਦ ਦੁਬਾਰਾ ਲਾਕਡਾਊਨ ਵੱਲ ਵੱਧ ਰਿਹਾ ਹੈ। ਉਹਨਾਂ ਨਾਲ ਮੌਜੂਦ ਕਿਸਾਨ ਵਿੰਗ ਦੇ ਸਾਬਕਾ ਜ਼ਿਲ਼ਾ ਪ੍ਰ੍ਰਧਾਨ ਗੁਰਭੇਜ ਸਿੰਘ ਰੋਮਾਣਾ ਅਲਬੇਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਿਰਫ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਣਾ ਸੂਬੇ ਦੀ ਜਨਤਾ ਨਾਲ ਧੋਖਾ ਹੈ।ਸਰਕਾਰ ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਲਈ ਹੀ ਸਿਰਫ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਗੋਂਗਲੂਆਂ ਉੱਪਰੋਂ ਮਿੱਟੀ ਝਾੜ ਰਹੀ ਹੈ। ਕੇਂਦਰ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਸ਼ਾਂ ਦੇ ਮੁੱਦੇ ਉੱਪਰ ਵੀ ਕੈਪਟਨ ਸਰਕਾਰ ਦੀ ਖਾਮੋਸ਼ੀ ਇਹ ਸਾਬਿਤ ਕਰਦੀ ਹੈ ਕਿ ਉਹ ਅੰਦਰੋ ਅੰਦਰੀ ਮੋਦੀ ਸਰਕਾਰ ਨਾਲ ਸਹਿਮਤ ਹਨ ਅਤੇ ਕਿਸਾਨੀ ਦੀ ਹੋਣ ਵਾਲੀ ਬਰਬਾਦੀ ਵਿੱਚ ਭਾਈਵਾਲ ਹੋਣਗੇ।
Total Responses : 265