ਅਸ਼ੋਕ ਵਰਮਾ
ਬਠਿੰਡਾ, 27 ਅਗਸਤ 2020: ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰ ਫਰੰਟ ਅਤੇ ਕਲੈਰੀਕਲ ਕਾਮਿਆਂ ਦੇ ਸਾਂਝੇ ਸੱਦੇ ਤੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਥਿਤ ਝੂਠੇ ਲਾਰਿਆਂ ਦੀ ਪੰਡ ਫੂਕੀ। ਮੁਲਾਜਮਾਂ ਨੇ ਕਿਹਾ ਕਿ ਇਹ ਪੰਡ ਐਨੀ ਭਾਰੀ ਹੋ ਗਈ ਹੈ ਕਿ ਉਨਾਂ ਨੂੰ ਇਸ ਨੂੰ ਚੁੱਕਣ ਲਈ ਬੋਤਾ ਲਿਆਉਣਾ ਪਿਆ ਹੈ। ਅੱਜ ਦੇ ਰੋਸ ਪ੍ਰੋਗਰਾਮ ’ਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੌਨਟੇਕ ਸਿਘ ਆਹਲੂਵਾਲੀਆ ਮੁਲਾਜਮਾਂ ਦੇ ਨਿਸ਼ਾਨੇ ਤੇ ਰਹੇ ਅਤੇ ਬੁਲਾਰਿਆਂ ਨੇ ਦੋਵਾਂ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ। ਥਰਮਲ ਮੁਲਾਜਮਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਬਠਿੰਡਾ ਥਰਮਲ ਨੂੰ ਬੰਦ ਕਰਨ ਦੇ ਫੈਸਲੇ ਨੇ ਸਾਰੀਆਂ ਧਿਰਾਂ ਨੂੰ ਹਲੂਣਿਆ ਹੈ ਇਸ ਲਈ ਹੁਣ ਖ਼ਜ਼ਾਨਾ ਮੰਤਰੀ ਖ਼ਿਲਾਫ਼ ਮੋਰਚਾ ਖੋਲਣ ਦਾ ਫੈਸਲਾ ਕੀਤਾ ਹੈ। ਮਨਪ੍ਰੀਤ ਬਾਦਲ ‘ਤੇ ਥਰਮਲ ਬੰਦ ਕਰਾਉਣ ‘ਚ ਮੋਹਰੀ ਭੂਮਿਕਾ ਨਿਭਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਉਨਾਂ ਨੂੰ ਅਗਲੀ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਨ ਦਿੱਤਾ ਜਾਏਗਾ।
ਉਨਾਂ ਕਿਹਾ ਕਿ ਵਿੱਤ ਮੰਤਰੀ ਨੇ ਤੇ ਬਠਿੰਡਾ ਦੀ ਵਿਰਾਸਤ ਬਣ ਚੁੱਕੇ ਥਰਮਲ ਦਾ ਵੀ ਖਿਆਲ ਨਹੀਂ ਰੱਖਿਆ ਹੈ। ਰੋਹ ‘ਚ ਆਏ ਮੁਲਾਜ਼ਮਾਂ ਨੇ ਕਿਹਾ ਕਿ ਹੁਣ ‘ਕਰੋ ਜਾਂ ਮਰੋ’ ਦੀ ਲੜਾਈ ਲੜਨਗੇ ਅਤੇ ਮਨਪ੍ਰੀਤ ਬਾਦਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਥਰਮਲ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ, ਪੈਨਸ਼ਨਰ ਜਥੇਬੰਦੀ ਦੇ ਪ੍ਰਧਾਨ ਭੋਲਾ ਸਿੰਘ ਮਲੂਕਾ, ਟੈਕਨੀਕਲ ਸਰਵਿਸ ਯੂਨੀਅਨ ਯੂਨਿਟ ਥਰਮਲ ਲਹਿਰਾ ਮੁਹੱਬਤ ਦੇ ਪ੍ਰਧਾਨ ਮੇਜਰ ਸਿੰਘ ਦਾਦੂ ਅਤੇ ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕਾਮ ਜੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਮੁਲਾਜਮ ਸਰਕਾਰ ਨਾਲ ਫੈਸਲਾਕੁੰਨ ਆਰ ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ। ਉਨਾਂ ਆਖਿਆ ਕਿ ਖਜਾਨਾ ਮੰਤਰੀ ਨੇ ਪਹਿਲਾਂ ਦੋ ਸੌ ਰੁਪੈ ਜਜੀਆ ਟੈਕਸ ਅਤੇ ਹੁਣ ਮੁਲਾਜਮ ਦਾ ਪੰਜਾਹ ਪ੍ਰਤੀਸ਼ਤ ਮੋਬਾਇਲ ਭੱਤਾ ਕਟੌਤੀ ਕਰਕੇ ਕਰਮਚਾਰੀਆਂ ਦੇ ਸਬਰ ਨੂੰ ਵੰਗਾਰਿਆ ਹੈ। ਉਨਾਂ ਕਿਹਾ ਕਿ ਸਰਕਾਰ ਪੰਜਾਬ ਦੇ ਕਰਮਚਾਰੀਆਂ ਦਾ ਇਕ ਸੌ ਬਿਆਲੀ ਮਹੀਨੇ ਦਾ ਡੀ.ਏ. ਦਾ ਬਕਾਇਆ , ਸੋਲਾਂ ਪ੍ਰਤੀਸ਼ਤ ਡੀ.ਏ. ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ।
ਉਨਾਂ ਕਿਹਾ ਕਿ ਕੱਚੇ ਕਰਮਚਾਰੀ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਭੱਜਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਬਿਜਲੀ ਢਾਂਚਾ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਿਹਾ ਹੈ ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋਵੇਗੀ, ਖੇਤੀਬਾੜੀ ਲਈ ਕਿਸਾਨਾਂ ਨੂੰ ਮਿਲਦੀ ਸਬਸਿਡੀ ਤੇ ਐਸ.ਸੀ.ਬੀ.ਸੀ. ਵਰਗ ਨੂੰ ਘਰੇਲੂ ਵਰਤੋਂ ਲਈ ਮਿਲਦੀ ਦੋ ਸੌ ਯੂਨਿਟ ਬੰਦ ਹੋ ਜਾਣਗੇ। ਉਨਾਂ ਦੋਸ਼ ਲਾਇਆ ਕਿ ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਉਣ ਲਈ ਬੋਰਡ ਆਫ ਡਾਇਰੈਕਟਰਜ ਦੇ ਫੈਸਲੇ ਨੂੰ ਖਜਾਨਾ ਮੰਤਰੀ ਆਪਣੇਂ ਨਿੱਜੀ ਹਿੱਤਾਂ ਲਈ ਲਾਗੂ ਨਹੀਂ ਹੋਣ ਦੇ ਰਹੇ। ਬੁਲਾਰਿਆਂ ਨੇ ਕਿਹਾ ਕਿ ਮੌਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਨੇ ਪੰਜਾਬੀਆਂ ਦੇ ਜਖਮਾਂ ਤੇ ਲੂਣ ਛਿੜਕਿਆ ਜਾ ਹੈ। ਇਸ ਰੋਸ ਪ੍ਰਦਰਸ਼ਨ ਨੂੰ ਰਾਜਿੰਦਰ ਸਿੰਘ ਨਿੰਮਾ, ਜਸਵਿੰਦਰ ਸਿੰਘ ਬਰਾੜ, ਰਘਬੀਰ ਸਿੰਘ ਸੈਣੀ, ਬਾਬੂ ਸਿੰਘ ਰੁਮਾਣਾ, ਰਾਜ ਕੁਮਾਰ, ਸੂਬਾ ਸਿੰਘ ਮੱਤਾ, ਸੁੱਖ ਰਾਮ ਪਰਮਾਰ ,ਰਮੇਸ਼ਵਰ ਸਿੰਘ, ਦੂਧ ਨਾਥ, ਅਨਿਲ ਕੁਮਾਰ ਨੇ ਸੰਬੋਧਨ ਕੀਤਾ।
ਜੇਲ ਭਰੋ ਅੰਦੋਲਨ ਦਾ ਐਲਾਨ
ਮੁਲਾਜਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸਤੰਬਰ ਤੋਂ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅਤੇ ਤਹਿਸੀਲ ਪੱਧਰ ’ਤੇ ਲੜੀਵਾਰ ਭੁੱਖ ਹੜਤਾਲ ਸੁਰੂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜੇਕਰ ਫਿਰ ਵੀ ਸਰਕਾਰ ਨੇ ਵਤੀਰਾ ਨਾਂ ਬਦਲਿਆ ਤਾਂ ਜੇਲ ਭਰੋ ਅੰਦੋਲਨ ਦੇ ਨਾਲ ਨਾਲ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਅਤੇ ਕਾਲੇ ਝੰਡੇ ਦਿਖਾਏ ਜਾਣਗੇ।
ਅੱਜ ਦੀ ਰੋਸ ਰੈਲੀ ਦੀਆਂ ਮੰਗਾਂ
ਥਰਮਲ ਮੁਲਾਜਮਾਂ ਨੇ ਕਰਮਚਾਰੀਆਂ ਦੀਆਂ ਜਾਮ ਤਰੱਕੀਆਂ ਖੋਹਲਣ, ਬਠਿੰਡਾ ਥਰਮਲ ਪਰਾਲੀ ਤੇ ਚਲਾਉਣ,ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕਰਨ, ਬਿਜਲੀ ਖਰੀਦ ਸਮਝੌਤੇ ਜਨਤਕ ਕਰਨ, ਸਮਝੌਤਿਆਂ ਚੋਂ ਲੋਕ ਵਿਰੋਧੀ ਮੱਦਾਂ ਹਟਾਉਣ,ਚੋਣਾਂ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਰੋਪੜ ਅਤੇ ਲਹਿਰਾ ਮੁਹੱਬਤ ਵਿਖੇ 800 -800 ਮੈਗਾਵਾਟ ਦੇ ਸੁਪਰਕਿਰੀਟੀਕਲ ਥਰਮਲ ਸਰਕਾਰੀ ਖੇਤਰ ਵਿੱਚ ਲਾਉਣ ਸਮੇਤ ਪੰਜਾਬ ਤੇ ਯੂ ਟੀ ਮੁਲਾਜਮ ਅਤੇ ਪੈਨਸ਼ਨਰ ਫਰੰਟ ਅਤੇ ਕਲੈਰੀਕਲ ਕਾਮਿਆਂ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਸਾਰੀਆਂ ਮੰਗਾਂ ਮੰਨਣ ਦੀ ਮੰਗ ਕੀਤੀ।