ਹਰੀਸ਼ ਕਾਲੜਾ
ਰੂਪਨਗਰ 31 ਅਗਸਤ 2020 : ਰੂਪਨਗਰ ਵਿੱਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਰੂਪਨਗਰ ਡਿਪਟੀ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀ .ਸੀ. ਰੂਪਨਗਰ ਰਾਹੀਂ ਪੰਜਾਬ ਦੇ ਗਵਰਨਰ ਨੂੰ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਖ਼ਿਲਾਫ਼ ਇਕ ਮੰਗ ਪੱਤਰ ਭੇਜਿਆ ਗਿਆ ਅਤੇ ਕੈਪਟਨ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਕੈਪਟਨ ਸਰਕਾਰ ਤੇ ਜੰਮ ਕੇ ਹੱਲਾ ਬੋਲਿਆ। ਆਪ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਹੁੰਦਲ, ਹਰਪ੍ਰੀਤ ਸਿੰਘ ਕਾਹਲੋਂ ਡਾ ਚਰਨਜੀਤ ਸਿੰਘ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਇਕ ਲੋਟੂਆਂ ਦਾ ਟੋਲਾ ਹੈ ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਗਰੀਬ ਬੱਚਿਆਂ ਦੇ ਵਜ਼ੀਫ਼ਿਆਂ ਤੇ ਡਾਕਾ ਮਾਰਿਆ ਹੈ । ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਧਾਰਾ ਲਗਾ ਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰ ਰਹੀ ਹੈ ਅਤੇ ਦੂਸਰੇ ਪਾਸੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਗੁੱਸੇ ਤੋਂ ਡਰਦੀ ਹੋਈ ਇਸ ਆਵਾਜ਼ ਨੂੰ ਦਬਾਉਣ ਲਈ ਇਸ ਧਾਰਾ ਦਾ ਇਸਤੇਮਾਲ ਕਰ ਰਹੀ ਹੈ ਅਤੇ ਇਸ ਦੇ ਉਲਟ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਦੀ ਬਜਾਏ ਵੱਡੇ ਵੱਡੇ ਡਾਕੇ ਮਾਰ ਕੇ ਗਰੀਬ ਲੋਕਾਂ ਦੇ ਹੱਕ ਖੋਹਣ ਤੇ ਲੱਗੇ ਹੋਏ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਉੱਤੇ ਸਖ਼ਤ ਕਾਰਵਾਈ ਨਹੀਂ ਕਰਦੀ ਅਤੇ ਉਸ ਨੂੰ ਕੁਰਸੀ ਤੋਂ ਲਾਂਭੇ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਰੋਜ਼ਾਨਾ ਧਰਨੇ ਪ੍ਰਦਰਸ਼ਨ ਕਰੇਗੀ ਅਤੇ ਗਰੀਬ ਲੋਕਾਂ ਦੀ ਆਵਾਜ਼ ਚੁੱਕੇਗੀ ਭਾਵੇਂ ਉਨ੍ਹਾਂ ਦੇ ਵਰਕਰਾਂ ਜਾਂ ਆਗੂਆਂ ਤੇ ਸਰਕਾਰ ਕਰੋਨਾ ਦੀ ਆੜ ਵਿੱਚ ਕਿਸੇ ਵੀ ਧਾਰਾ ਤਹਿਤ ਪਰਚਾ ਦਰਜ ਕਰੇ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ । ਉਹ ਪੰਜਾਬ ਦੇ ਹਰ ਉਸ ਵਰਗ ਦੀ ਆਵਾਜ਼ ਚੁੱਕਦੇ ਰਹਿਣਗੇ ਜਿਸ ਨਾਲ ਧੱਕੇਸ਼ਾਹੀ ਹੋਵੇਗੀ ਭਾਵੇਂ ਉਹ ਸਰਕਾਰੀ ਮੁਲਾਜ਼ਮ ਹੋਣ ਜਾਂ ਆਮ ਲੋਕ ਜਾਂ ਕੋਈ ਵੀ ਕਰਮਚਾਰੀ ਜਾਂ ਫਿਰ ਕਿਸਾਨ ਹਰੇਕ ਉਸ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾਵੇਗਾ
ਆਮ ਆਦਮੀ ਪਾਰਟੀ ਦੇ ਰੂਪਨਗਰ ਹਲਕੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਜਿੰਨਾ ਚਿਰ ਕੈਪਟਨ ਦੀ ਸਰਕਾਰ ਅਜਿਹੇ ਭ੍ਰਿਸ਼ਟ ਮੰਤਰੀਆਂ ਨੂੰ ਕੁਰਸੀ ਤੋਂ ਨਹੀਂ ਲਾ ਦਿੰਦੀ ਓਨਾ ਚਿਰ ਆਮ ਆਦਮੀ ਪਾਰਟੀ ਵਿਰੋਧ ਪ੍ਰਦਰਸ਼ਨ ਕਰਦੀ ਰਹੇਗੀ ।ਆਮ ਆਦਮੀ ਪਾਰਟੀ ਨੂੰ ਧਾਰਾ 144 ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਿਹੜੀ ਮਰਜ਼ੀ ਧਾਰਾਵਾਂ ਲਾਵੇ 144 ਦੀ ਥਾਂ 244 ਵੀ ਲਾ ਲਵੇ ਅਤੇ ਸਾਡੇ ਤੇ ਜਿਹੜਾ ਮਰਜ਼ੀ ਪਰਚਾ ਕਰੋ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਲੋਕਾਂ ਦੀ ਲਈ ਐਦਾਂ ਹੀ ਲੜਾਂਗੇ ।
ਰੂਪਨਗਰ ਸੈਕਟਰੀਏਟ ਦੇ ਗੇਟ ਦੇ ਬਾਹਰ ਧਰਨੇ ਵਾਲੀ ਥਾਂ ਜਦੋਂ ਤਹਿਸੀਲਦਾਰ ਰੂਪਨਗਰ ਕੁਲਦੀਪ ਸਿੰਘ ਮੰਗ ਪੱਤਰ ਲੈਣ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਖਾਲੀ ਹੱਥ ਮੋੜ ਦਿੱਤਾ ਉਨ੍ਹਾਂ ਵੱਲੋਂ ਇਹ ਮੰਗ ਕੀਤੀ ਕਿ ਜੇਕਰ ਡਿਪਟੀ ਕਮਿਸ਼ਨਰ ਖ਼ੁਦ ਦਫ਼ਤਰ ਵਿੱਚ ਹਨ ਤਾਂ ਉਹ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਹੀ ਦੇਣਗੇ ਹੋਰ ਕਿਸੇ ਵੀ ਅਧਿਕਾਰੀ ਨੂੰ ਉਹ ਮੰਗ ਪੱਤਰ ਨਹੀਂ ਦੇਣਗੇ ਜਿਸ ਤੋਂ ਬਾਅਦ ਤਹਿਸੀਲਦਾਰ ਨੂੰ ਧਰਨੇ ਵਾਲੀ ਥਾਂ ਤੋਂ ਖਾਲੀ ਹੱਥ ਵਾਪਸ ਮੁੜਨਾ ਪਿਆ ਅਤੇ ਫਿਰ ਬਾਅਦ ਵਿਚ ਡਿਪਟੀ ਕਮਿਸ਼ਨਰ ਨੇ ਹਾਰ ਕੇ ਆਣ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਕੋਲੋਂ ਮੰਗ ਪੱਤਰ ਲਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕਾਹਲੋਂ , ਸਰਬਜੀਤ ਸਿੰਘ ਹੁੰਦਲ, ਡਾ ਚਰਨਜੀਤ ਸਿੰਘ , ਡਾ ਸੰਜੀਵ ਗੌਤਮ, ਐਡਵੋਕੇਟ ਦਿਨੇਸ਼ ਚੱਡਾ, ਬਾਬੂ ਚਮਨ ਲਾਲ ,ਰਾਮ ਕੁਮਾਰ ਮੁਕਾਰੀ, ਕਮਿਕਰ ਸਿੰਘ ਡਾਢੀ, ਪਰਮਜੀਤ ਸਿੰਘ ਚੱਕ ਢੇਰਾ, ਰਣਜੀਤ ਸਿੰਘ ਪਤਿਆਲਾ ,ਭਜਨ ਸਿੰਘ ਡੂੰਮੇਵਾਲ ,ਮਾਸਟਰ ਹਰਦਿਆਲ ਸਿੰਘ ,ਪੁਲਕਿਤ ਬੈਂਸ, ਸਿਕੰਦਰ ਸਿੰਘ ਸਹੇੜੀ , ਆਦਿ ਸੀਨੀਅਰ ਵਰਕਰ ਹਾਜ਼ਰ ਸਨ ।