ਰਾਜਵੰਤ ਸਿੰਘ
ਸ੍ਰੀ ੁਮਕਤਸਰ ਸਾਹਿਬ, 27 ਅਗਸਤ 2020-ਜ਼ਿਲ੍ਹੇ ’ਚ ਫੈਲ ਰਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜਿੱਥੇ ਜ਼ਿਲ੍ਹਾ ਪੁਲਸ ਲਗਾਤਾਰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ, ਉਥੇ ਹੀ ਸਮੇਂ-ਸਮੇਂ ’ਤੇ ਤਰ੍ਹਾਂ-ਤਰ੍ਹਾਂ ਦੇ ਨਾਅਰਿਆਂ ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕੋਰੋਨਾ ਤੋਂ ਬਚਾਅ ਲਈ ਬੇਹੱਦ ਜ਼ਰੂਰੀ ਮੰਨੇ ਜਾਂਦੇ ਮਾਸਕ ਦੇ ਪ੍ਰਯੋਗ ਨੂੰ ਜ਼ਰੂਰੀ ਬਣਾਉਣ ਲਈ ਹੁਣ ਜ਼ਿਲ੍ਹਾ ਪੁਲਸ ਨੇ ਇੱਕ ਨਵਾਂ ਨਾਅਰਾ ਤਿਆਰ ਕੀਤਾ ਹੈ, ਜਿਸਦਾ ਸਿਰਲੇਖ ਹੈ ‘ਸਮੇਂ ਦੀ ਮਜ਼ਬੂਰੀ-ਮਾਸਕ ਹੈ ਜ਼ਰੂਰੀ’। ਜੀ ਹਾਂ, ਸ਼ਹਿਰ ਅੰਦਰ ਫਲੈਕਸਾਂ ਦੇ ਰੂਪ ਵਿੱਚ ਇਸ ਨਾਅਰੇ ਹੇਠ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਵੱਲੋਂ ਲੋਕਾਂ ਨੂੰ ਮਾਸਕ ਪ੍ਰਤੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐਸਐਸਪੀ ਡੀ ਸੁਡਰਵਿਲੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਬੇਹੱਦ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਕਦੇ ਵੀ ਮੂੰਹ ਤੋਂ ਮਾਸਕ ਨਹੀਂ ਹਟਾਉਣਾ ਚਾਹੀਦਾ। ਐਸਐਸਪੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਮਿਲਣਾ ਵੀ ਹੈ ਜਾਂ ਕਿਸੇ ਨਾਲ ਕੋਈ ਗੱਲ ਵੀ ਕਰਨੀ ਹੈ ਤਾਂ ਵੀ ਮੂੰਹ ਤੋਂ ਮਾਸਕ ਨਾ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਪ੍ਰਭਾਵ ਜ਼ਿਲ੍ਹੇ ਅੰਦਰ ਲਗਾਤਾਰ ਵੱਧ ਰਿਹਾ ਹੈ, ਇਸ ਲਈ ਹਰ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਮਾਸਕ ਲਗਾ ਕੇ ਰੱਖੇ, ਸਮਾਜਿਕ ਦੂਰੀ ਬਣਾਵੇ ਤੇ ਹੱਥਾਂ ਦੀ ਸਫ਼ਾਈ ਜ਼ਰੂਰ ਰੱਖੇ। ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਹਮੇਸ਼ਾ ਲੋਕਾਂ ਦੇ ਨਾਲ ਹੈ ਤੇ ਇਸ ਮਹਾਂਮਾਰੀ ਤੋਂ ਜ਼ਿਲ੍ਹਾ ਮੁਕਤ ਬਣਾਉਣ ਲਈ ਲੋਕਾਂ ਨੂੰ ਪੁਲਸ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਾ ਜ਼ਰੂਰੀ ਹੈ।