ਚੰਡੀਗੜ, 31 ਅਗਸਤ, 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੀ ਗਲਤੀ ਮਹਿਸੂਸ ਕਰਦਿਆਂ ਤੇ ਇਸ ਵਿਚ ਸੁਧਾਰ ਕਰਦਿਆਂ ਮੈਡੀਕਲ ਸੇਵਾਵਾਂ ਦੀਆਂ ਦਰਾਂ ਵਿਚ ਵਾਧਾ ਕਰਨ ਦਾ ਫੈਸਲਾ ਵਾਪਸ ਲੈਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆ ਆਵੇਗਾ। ਪਾਰਟੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵੇਲੇ ਸਾਰੀਆਂ ਮੈਡੀਕਲ ਸੇਵਾਵਾਂ ਦੀਆਂ ਦਰਾਂ ਵਧਾਉਣਾ ਅਣਮਨੁੱਖੀ ਫੈਸਲਾ ਸੀ।
ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਸਮਝ ਲਿਆ ਹੈ ਕਿ ਇਸਨੂੰ ਮਨੁੱਖਤਾ ਨੂੰ ਦਰਪੇਸ਼ ਇਸ ਸੰਕਟ ਵੇਲੇ ਮੁਨਾਫਾਖੋਰੀ ਵਿਚ ਨਹੀਂ ਪੈਣਾ ਚਾਹੀਦਾ ਤੇ ਇਸਨੂੰ ਸਿਹਤ ਸੈਕਟਰ ਵਾਸਤੇ ਫੰਡਿੰਗ ਵਧਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਹਤ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਨਾਂ ਕਿਹਾ ਕਿ ਆਮ ਜਨਤਾ ਨੇ ਸਰਕਾਰੀ ਸੇਵਾਵਾਂ ਵਿਚ ਬੇਵਿਸਾਹੀ ਦਾ ਦਰਸਾ ਦਿੱਤੀ ਹੈ ਕਿਉਂਕਿ ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰ ਦਿੱਤੇ ਹਨ ਕਿ ਉਹ ਕੋਰੋਨਾ ਮਰੀਜ਼ਾਂ ਨੂੰ ਸਰਕਾਰੀ ਇਲਾਜ ਕੇਂਦਰਾਂ ਵਿਚ ਨਹੀਂ ਲਿਜਾਣ ਦੇਣਗੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਡਿਜ਼ਾਸਟਰ ਮੈਨੇਜਮੈਂਟ ਫੰਡ ਅਤੇ ਮੁੱਖ ਮੰਤਰੀ ਰਾਹਤ ਫੰਡ ਵਿਚ ਪਿਆ ਪੈਸਾ ਵਰਤ ਕੇ ਮੈਡੀਕਲ ਬੁਨਿਆਦੀ ਢਾਂਚੇ ਵਿਚ ਸੁਧਾਰ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਿਹਤ ਖੇਤਰ ਨੂੰ ਸਰਵਉਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਵੀ ਸਮਾਜ ਦੇ ਗਰੀਬ ਵਰਗ ਦੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਲਿਜਾਣ ਵਾਸਤੇ ਸਬਸਿਡੀ ਆਧਾਰਿਤ ਬਲਕਿ ਮੁਫਤ ਐਂਬੂਲੈਂਸ ਸੇਵਾ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ।