ਇੰਨਲੈਕਚੁਅਲ ਪੰਜਾਬੀ ਚੈਂਬਰ ਆਫ਼ ਕਮਰਸ ਵੱਲੋਂ ਜਾਰੀ 'ਡਿਜੀਟਲ ਕੌਫ਼ੀ ਟੇਬਲ ਬੁੱਕ' 'ਚ ਮਿਲਿਆ ਅਹਿਮ ਸਥਾਨ
ਨੌਜਵਾਨ ਉਦਮੀਆਂ ਅਤੇ ਪੇਸ਼ੇਵਰਾਂ ਵੱਲੋਂ ਬਣਾਈ ਸੰਸਥਾ ਇੰਨਲੈਕਚੁਅਲ ਪੰਜਾਬੀ ਚੈਂਬਰ ਆਫ਼ ਕਮਰਸ ਵੱਲੋਂ 'ਵਿਸ਼ਵ ਪ੍ਰਸਿੱਧ ਪੰਜਾਬੀਆਂ' ਸਬੰਧੀ ਜਾਰੀ ਕੀਤੀ ਗਈ 'ਡਿਜੀਟਲ ਕੌਫ਼ੀ ਟੇਬਲ ਬੁੱਕ' ਵਿੱਚ ਅਕਾਦਮਿਕ ਅਤੇ ਸਮਾਜਿਕ ਪੱਧਰ 'ਤੇ ਪਾਏ ਯੋਗਦਾਨਾਂ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਦਾ ਨਾਮ ਉਚੇਚੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਸੰਸਥਾ ਵੱਲੋਂ ਜਾਰੀ ਕੀਤੀ 'ਕੌਫ਼ੀ ਟੇਬਲ ਬੁੱਕ' ਵਿੱਚ ਵਿਸ਼ਵ ਭਰ ਦੇ ਪ੍ਰਸਿੱਧ ਪੰਜਾਬੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੇ ਸਮਾਜਿਕ, ਵਪਾਰਕ, ਅਕਾਦਮਿਕ, ਉਦਯੋਗਿਕ ਅਤੇ ਕਾਰਪੋਰੇਟ ਜਗਤ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨਾਇਆ ਹੈ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਕੇ ਉਭਰੇ ਹਨ। ਇਸ ਕੌਫ਼ੀ ਟੇਬਲ ਬੁੱਕ ਵਿੱਚ ਨਾਮਵਰ ਪੰਜਾਬੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਵੀ ਦਰਸਾਇਆ ਗਿਆ ਹੈ ਅਤੇ ਡਿਜ਼ੀਟਲ ਬੁੱਕ ਦੇ ਪਹਿਲੇ ਅਡੀਸ਼ਨ ਦਾ ਉਦਘਾਟਨ ਸੰਸਦ ਮੈਂਬਰ ਭਗਵੰਤ ਮਾਨ ਅਤੇ ਸਾਬਕਾ ਭਾਰਤੀ ਅੰਬੈਸਡਰ ਮਨਜੀਵ ਸਿੰਘ ਪੁਰੀ ਵੱਲੋਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ਼ ਕਮਰਸ (ਆਈ.ਪੀ.ਸੀ.ਸੀ) ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਬੁੱਧੀਜੀਵੀਆਂ ਅਤੇ ਨੌਜਵਾਨ ਉਦਮੀਆਂ ਅਤੇ ਪੇਸ਼ੇਵਰਾਂ ਵੱਲੋਂ ਆਰੰਭ ਕੀਤੀ ਗਈ ਹੈ।ਆਈ.ਪੀ.ਸੀ.ਸੀ ਦੇ ਮੈਂਬਰਾਂ ਵਿੱਚ ਦੁਨੀਆਂ ਭਰ ਦੇ ਕਾਰੋਬਾਰੀ ਮਾਲਕ, ਸਨਅਤਕਾਰ, ਨੌਜਵਾਨ ਉਦਮੀ ਸ਼ਾਮਲ ਹਨ।ਆਈ.ਪੀ.ਸੀ.ਸੀ ਦਾ ਉਦੇਸ਼ ਵਪਾਰਕ ਨੈਟਵਰਕਿੰਗ ਨੂੰ ਉਤਸ਼ਾਹਿਤ ਅਤੇ ਸੁਵਿਧਾਜਨਕ ਬਣਾਉਣ ਅਤੇ ਉਦਮਤਾ ਅਤੇ ਸਹਿਯੋਗੀ ਕਾਰੋਬਾਰਾਂ ਦੀ ਭਾਵਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ-ਵੱਧ ਵਿਅਕਤੀਆਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਇਹ ਵਕਾਰੀ ਰੁਤਬਾ ਅਕਾਦਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਪਾਏ ਵਿਲੱਖਣ ਯੋਗਦਾਨਾਂ ਬਦਲੇ ਪ੍ਰਦਾਨ ਕੀਤਾ ਗਿਆ ਹੈ।ਸ. ਸੰਧੂ ਦਾ ਸਫ਼ਰ ਇੱਕ ਨੌਜਵਾਨ ਸੁਧਾਰਵਾਦੀ ਹੋਣ ਤੋਂ ਲੈ ਕੇ ਚੇਤੰਨ ਕਾਰੋਬਾਰੀ ਆਗੂ ਅਤੇ ਸਮਾਜ ਸੁਧਾਰਕ ਤੱਕ ਗਿਆ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਅਤੇ ਸੂਬੇ ਵਿੱਚ ਆਰਥਿਕ ਅਤੇ ਸਮਾਜਿਕ ਤੌਰ 'ਤੇ ਡੂੰਘੀਆਂ ਪੈੜਾਂ ਛੱਡੀਆਂ ਹਨ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉਭਰੇ ਹਨ।ਸ. ਸੰਧੂ ਲਗਾਤਾਰ ਭਾਰਤ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ। ਜ਼ਿਕਰਯੋਗ ਹੈ ਕਿ ਸ.ਸਤਨਾਮ ਸਿੰਘ ਸੰਧੂ ਨੇ ਉਚ ਸਿੱਖਿਆ ਦੇ ਖੇਤਰ ਵਿੱਚ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਲਈ ਦਲੇਰ ਅਤੇ ਦੂਰਦਰਸ਼ੀ ਕਦਮ ਚੁੱਕਿਆ ਤਾਂ ਜੋ ਉਤਰ ਭਾਰਤ ਦੇ ਵਿਦਿਆਰਥੀ ਆਪਣੇ ਜੱਦੀ ਸਥਾਨਾਂ ਜਾਂ ਸੂਬਿਆਂ ਤੋਂ ਉਚੇਰੀ ਸਿੱਖਿਆ ਲਈ ਦੱਖਣੀ ਸੂਬਿਆਂ ਜਾਂ ਵਿਦੇਸ਼ ਪ੍ਰਵਾਸ ਨਾ ਕਰਨ।ਉਨ੍ਹਾਂ ਨੇ ਸੂਬੇ 'ਚ ਸਿੱਖਿਆ ਦੇ ਖੇਤਰ ਵਿੱਚ ਇੱਕ ਅਜਿਹਾ ਅਕਾਦਮਿਕ ਢਾਂਚਾ ਕਾਇਮ ਕੀਤਾ ਕਿ ਅੱਜ ਭਾਰਤ ਦੇ 29 ਸੂਬਿਆਂ, ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ਅਤੇ 40 ਦੇਸ਼ਾਂ ਤੋਂ 50 ਹਜ਼ਾਰ ਦੇ ਕਰੀਬ ਵਿਦਿਆਰਥੀ ਉਨ੍ਹਾਂ ਦੀ ਯੋਗ ਅਗਵਾਈ 'ਚ ਸਿੱਖਿਆ ਹਾਸਲ ਕਰ ਰਹੇ ਹਨ ਜਦਕਿ ਗੂਗਲ, ਮਾਈਕ੍ਰੋਸਾਫ਼ਟ, ਐਮਾਜ਼ੌਨ ਵਰਗੀਆਂ ਦੁਨੀਆਂ ਦੀਆਂ ਚੋਟੀਆਂ ਦੀਆਂ ਕੰਪਨੀਆਂ ਨੂੰ ਭਰਤੀ ਪ੍ਰੀਕਿਰਿਆ ਲਈ ਕੈਂਪਸ ਬੁਲਾ ਕੇ ਨੌਜਵਾਨੀ ਨੂੰ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਸਮਾਜਕ ਤੌਰ 'ਤੇ ਸੰਵੇਦਨਸ਼ੀਲ ਹੋਣ ਕਾਰਨ ਸ. ਸੰਧੂ ਸਮਾਜਿਕ ਜ਼ਰੂਰਤਾਂ ਪ੍ਰਤੀ ਚਿੰਤਤ ਰਹੇ ਹਨ, ਜਿਸ ਦੇ ਅੰਤਰਗਤ ਉਨ੍ਹਾਂ ਵੱਲੋਂ ਸਮਾਜਿਕ ਪੱਧਰ 'ਤੇ ਵੀ ਕਈ ਕਾਰਜ ਉਲੀਕੇ ਗਏ ਹਨ।
ਵਰਣਨਯੋਗ ਹੈ ਕਿ ਆਈ.ਪੀ.ਸੀ.ਸੀ ਵੱਲੋਂ ਜਾਰੀ ਕੀਤੀ ਕੌਫ਼ੀ ਟੇਬਲ ਬੁੱਕ ਵਿੱਚ ਉਦਯੋਗਿਕ ਖੇਤਰ ਵੱਲ ਅਗਾਂਹਵਧੂ ਸੋਚ ਅਤੇ ਭਾਰਤ ਵਿੱਚ ਡੀਜੀਟਲ ਇਕੋਸਿਮਟਮ ਪ੍ਰਫੁਲਿਤ ਕਰਨ ਵਾਲੇ ਅਮਨਪ੍ਰੀਤ ਸਿੰਘ ਬਜਾਜ (ਕੰਟਰੀ ਹੈਡ ਏਅਰਬਬ), ਪ੍ਰਸਿੱਧ ਵਿਜ਼ੁਅਲਐਥਨੋਗ੍ਰਾਫ਼ਰ, ਲੇਖਕ ਅਤੇ ਫਿਲਮ ਨਿਰਮਾਤਾ ਅਮਰਦੀਪ ਸਿੰਘ,ਸਰਬੱਤ ਦੇ ਭਲੇ ਲਈ ਕਾਰਜਸ਼ੀਲ ਸੰਸਥਾ ਖਾਲਸਾ ਏਡ ਏਸ਼ੀਆ ਖੇਤਰ ਦੇ ਐਮ.ਡੀ ਸ. ਅਮਰਪ੍ਰੀਤ ਸਿੰਘ, ਅਕਾਲ ਚੈਨਲ ਦੇ ਸੰਸਥਾਪਕ ਅਤੇ ਅਕਾਲ ਏਡ ਮਿਸ਼ਨ ਰਾਹੀਂ ਸਮਾਜ ਸੇਵਾ ਕਰਨ ਵਾਲੇ ਅਮਰੀਕ ਸਿੰਘ ਕੋਨਰ, ਯੂਨਾਇਡਡ ਨੇਸ਼ਨ ਦੇ ਚੀਫ਼ ਰਿਸਕ ਅਫ਼ਸਰ ਗੁਰਪ੍ਰੀਤ ਸਿੰਘ ਸੋਢੀ, ਪ੍ਰੋਪਰੀਏਟਰ, ਦਿ ਆਰਮੀ ਕਾਰਪੋਰੇਸ਼ਨ ਸ. ਹਰਪਾਲ ਸਿੰਘ ਸੇਠੀ, ਐਮ.ਡੀ, ਗੂਗਲ ਕਲਾਊਡ ਇੰਡੀਆ, ਕਰਨ ਬਾਜਵਾ ਆਦਿ ਦਾ ਨਾਮ ਉਚੇਚੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਵਪਾਰਕ, ਉਦਯੋਗਿਕ, ਸਮਾਜਿਕ, ਕਾਰਪੋਰੇਟ ਆਦਿ ਖੇਤਰਾਂ ਵਿੱਚ ਪੰਜਾਬੀਅਤ ਦਾ ਨਾਮ ਰੌਸ਼ਨਾਇਆ ਹੈ। ਇਸ ਸਬੰਧੀ ਗੱਲਬਾਤ ਕਰਨ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਆਈ.ਪੀ.ਸੀ.ਸੀ ਵੱਲੋਂ ਇਹ ਵਕਾਰੀ ਮਾਣ ਬਖ਼ਸ਼ਣ ਨਾਲ ਉਨ੍ਹਾਂ ਦੀ ਅਕਾਦਮਿਕ ਅਤੇ ਸਮਾਜਿਕ ਪੱਧਰ 'ਤੇ ਜ਼ਿੰਮੇਵਾਰੀ ਹੋ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਿਥੇ ਲਗਾਤਾਰ ਯਤਨਸ਼ੀਲ ਹੈ ਉਥੇ ਹੀ ਸਮਾਜਿਕ ਪੱਧਰ 'ਤੇ ਆਪਣੇ ਯੋਗ ਕਾਰਜਾਂ ਲਈ ਵਚਨਬੱਧ ਰਹੇਗੀ।