ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਅਗਸਤ 2020: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣਾਏ ਗਏ ਕੋਵਿਡ-19 ਸੈਂਟਰ ਇੰਨੀਂ ਦਿਨੀਂ ਕਾਫ਼ੀ ਚਰਚਾ ’ਚ ਹੈ। ਇਸ ਵਾਰ ਫ਼ਿਰ ਇਸ ਸੈਂਟਰ ’ਚੋਂ ਵਾਇਰਲ ਹੋਈ ਵੀਡਿਓ, ਜੋ ਹਸਪਤਾਲ ਦੇ ਆਈਸੂਲੇਸ਼ਨ ਵਾਰਡ ਤੋਂ ਦੱਸੀ ਜਾ ਰਹੀ ਹੈ, ’ਚ ਦਾਖ਼ਲ ਮਰੀਜ਼ ਦੇ ਬੈਡ ਕੋਲ ਤਿੰਨ ਔਰਤਾਂ ਇੱਕ ਪੰਜਾਬੀ ਗੀਤ ’ਤੇ ਨੱਚਦੀਆਂ ਟੱਪਦੀਆਂ ਵਿਖਾਈ ਦੇ ਰਹੀਆਂ ਹਨ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਰੀਬ 2 ਮਿੰਟ 14 ਸਕਿੰਟ ਦੀ ਇਹ ਵੀਡਿਓ ਪਲਾਂ ’ਚ ਹੀ ਵੱਡੇ ਪੱਧਰ ’ਤੇ ਫੈਲ ਰਹੀ ਹੈ, ਜਿਸ ਵਿੱਚ ਬੈਡ ’ਤੇ ਪਈ ਮਰੀਜ਼ ਇਸ ਸਭ ਕੁੱਝ ਦੀ ਵੀਡਿਓ ਬਣਾ ਰਹੀ ਹੈ, ਜਦੋਂਕਿ ਔਰਤਾਂ ਪੂਰੇ ਜੋਸ਼ ਨਾਲ ਨੱਚ ਰਹੀਆਂ ਹਨ, ਜਿਸ ਦੀਆਂ ਟਿੱਪਣੀਆਂ ’ਚੋਂ ਲੋਕਾਂ ਵੱਲੋਂ ਇਸ ਨੂੰ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਰੀਜ਼ ਨੂੰ ਦਿੱਤਾ ਰਿਹਾ ਹੌਂਸਲਾ ਦੱਸਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਲੋਕ ਮਾਸਕ ਤੋਂ ਬਗੈਰ ਨੱਚਦੀਆਂ ਔਰਤਾਂ ਨੂੰ ਲੋਕਾਂ ਵੱਲੋਂ ਕਰੜੇ ਹੱਥੀ ਵੀ ਲਿਆ ਜਾ ਰਿਹਾ ਹੈ। ਅੱਜ ਸਵੇਰ ਵੇਲੇ ਤੋਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਹ ਵੀਡਿਓ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਕੋਵਿਡ-19 ਸੈਂਟਰ ਥੇਹੜੀ ਤੋਂ ਪਹਿਲਾਂ ਵੀ ਅਜਿਹੀਆਂ ਹੀ ਦੋ ਵੀਡਿਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਸ ਵਿੱਚ ਹਸਪਤਾਲ ਟੀਮ ਗੀਤਾਂ ’ਤੇ ਨੱਚਦੇ ਟੱਪਦੇ ਵਿਖਾਈ ਦਿੱਤੀਆਂ ਸਨ।