ਇੱਕੋ ਜਿਹੇ ਨਾਵਾਂ ਕਾਰਨ ‘ਸਿਆਸੀ ਠਿੱਬੀ’ ਲੱਗਣ ਦੇ ਫਿਕਰ ’ਚ ਡੁੱਬੇ ਨੇਤਾ
ਅਸ਼ੋਕ ਵਰਮਾ
ਬਠਿੰਡਾ, 27ਫਰਵਰੀ2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਚੋਣ ਜੰਗ ਬੇਸ਼ੱਕ ਖਤਮ ਹੋ ਗਈ ਹੈ ਪਰ ਚੋਣਾਂ ਮੈਦਾਨ ’ਚ ਕਿਸਮਤ ਅਜਮਾ ਰਹੇ ਅੱਧੀ ਦਰਜਨ ਤੋਂ ਵੱਧ ਸਿਆਸੀ ਧੁਨੰਤਰਾਂ ਨੂੰ ਆਪਣੇ ਹੀ ਨਾਂ ਵਾਲੇ ਉਮੀਦਵਾਰਾਂ ਕੋਲੋਂ ਠਿੱਬੀ ਲੱਗਣ ਦਾ ਫਿਕਰ ਵੱਢ ਵੱਢ ਖਾ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਇੰਨ੍ਹਾਂ ਉਮੀਦਵਾਰਾਂ ਨਾਲ ਮਿਲਦੇ ਜੁਲਦੇ ਨਾਮ ਵਾਲੇ ਉਮੀਦਵਾਰ ਕਿਸੇ ਵੱਡੇ ਸਿਆਸੀ ਕੱਦ ਦੇ ਮਾਲਕ ਜਾਂ ਧਨਕੁਬੇਰ ਨਹੀਂ ਪਰ ਉਨ੍ਹਾਂ ਦਾ ਨਾਂ ਹੀ ਖੁਦ ਨੂੰ ਵੱਡੋ ਸਿਆਸੀ ਖਿਡਾਰੀ ਅਖਵਾਉਣ ਵਾਲੇ ਇੰਨ੍ਹਾਂ ਲੀਡਰਾਂ ਨੂੰ ਠੰਢ ’ਚ ਵੀ ਤਰੇਲੀਆਂ ਆਉਣ ਲਿਆ ਰਿਹਾ ਹੈ। ਪਿਛਲੀਆਂ ਕਈ ਚੋਣਾਂ ਵਾਂਗ ਇਸ ਵਾਰ ਵੀ ਚੋਣ ਮੈਦਾਨ ’ਚ ਇਹ ਪੁਰਾਣਾ ਪੈਂਤੜਾ ਦੇਖਣ ਨੂੰ ਮਿਲ ਰਿਹਾ ਹੈ।
ਅੱਧੀ ਦਰਜਨ ਤੋਂ ਵੱਧ ਅਹਿਮ ਉਮੀਦਵਾਰਾਂ ਦੇ ਨਾਵਾਂ ਬਾਰੇ ਭੰਬਲਭੂਸਾ ਪੈਦਾ ਕਰਨ ਲਈ ਵਿਰੋਧੀ ਉਮੀਦਵਾਰਾਂ ਨੇ ਇਹ ਨਵੀਂ ਖੇਡ ਖੇਡੀ ਹੈ। ਇਸ ਵਾਰ ਇੰਨ੍ਹਾਂ ਵਿਧਾਨ ਸਭਾ ਹਲਕਿਆਂ ਤੋਂ ਦੋ-ਦੋ ਇੱਕੋ ਨਾਵਾਂ ਵਾਲੇ ਉਮੀਦਵਾਰ ਚੋੋਣ ਲੜ ਰਹੇ ਹਨ। ਪੰਜਾਬ ’ਚ ਇੱਕ ਹਲਕਾ ਇਸ ਤਰ੍ਹਾਂ ਦਾ ਵੀ ਹੈ ਜਿਥੋਂ ਇੱਕੋ ਨਾਂ ਵਾਲੇ ਤਿੰਨ-ਤਿੰਨ ਉਮੀਦਵਾਰ ਖੜ੍ਹੇ ਹਨ। ਭਾਵੇਂ ਇਹ ਸਿਆਸੀ ਪੱਤਾ ਜਿਆਦਾ ਕਾਮਯਾਬ ਨਹੀਂ ਹੋਇਆ ਫਿਰ ਵੀ ਸਿਆਸੀ ਪੱਖ ਤੋਂ ਅਹਿਮ ਮੰਨੀਆਂ ਜਾਂਦੀਆਂ ਐਤਕੀ ਦੀਆਂ ਚੋਣਾਂ ਦੌਰਾਨ ਹੋਰੇ ਫਸਵੇਂ ਮੁਕਾਬਲਿਆਂ ਕਰਕੇ ਇਹ ਵਰਤਾਰਾ ਵੱਡੇ ਧੁਨੰਤਰਾਂ ਦੀਆਂ ਨੀਂਦਰਾਂ ਉਡਾਉਣ ਲੱਗਿਆ ਹੋਇਆ ਹੈ। ਇੰਨ੍ਹਾਂ ਉਮੀਦਵਾਰਾਂ ’ਚ ਸਭ ਤੋਂ ਅਹਿਮ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ।
ਉਨ੍ਹਾਂ ਦੇ ਮੁਕਾਬਲੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਵੀ ਚਰਨਜੀਤ ਸਿੰਘ ਹੈ। ਇੱਕੋ ਜਿਹਾ ਨਾਮ ਹੋਣ ਕਾਰਨ ਵੋਟਰਾਂ ਨੂੰ ਪੈਣ ਵਾਲਾ ਭੁਲੇਖਾ ਕਿਸੇ ਇੱਕ ਲਈ ਖਤਰਾ ਸਾਬਤ ਹੋ ਸਕਦਾ ਹੈ। ਵਿਧਾਨ ਸਭਾ ਹਲਕਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਤਿੰਨ ਸਿਕੰਦਰ ਸਿੰਘ ਆਜ਼ਾਦ ਉਮੀਦਵਾਰ ਵੀ ਖੜ੍ਹੇ ਸਨ। ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਉਰਫ ਸੁੱਖੀ ਰੰਧਾਵਾ ਦਾ ਨਾਮ ਵੀ ਇਸੇ ਸੂਚੀ ’ਚ ਸ਼ਾਮਲ ਹੈ ਜੋਕਿ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਮੌਕੇ ਸਿਆਸਤ ਦੇ ਪੈਰ ਹੇਠ ਮਿੱਧੇ ਗਏ ਸਨ। ਸੁੱਖੀ ਰੰਧਾਵਾ ਖਿਲਾਫ ਅਜਾਦ ਉਮੀਦਵਾਰ ਸੁਖਜਿੰਦਰ ਸਿੰਘ ਮੈਦਾਨ ’ਚ ਕੁੱਦਿਆ ਹੋਇਆ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਹਵਾ ਦੇ ਬਾਵਜੂਦ ਸਾਲ 2017 ’ਚ ਸੁੱਖੀ ਰੰਧਾਵਾ ਮਸਾਂ 1194 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਐਤਕੀਂ ਦੀ ਚੋਣ ਦਾ ਰੌਚਕ ਪਹਿਲੂ ਹੈ ਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਡੇਰਾ ਬਾਬਾ ਨਾਨਕ ’ਚ ਕਾਂਗਰਸ ਦੀ ਜਿੱਤ ਜਾਂ ਹਾਰ ਤੇ ਲੱਗੀਆਂ ਹੋਈਆਂ ਹਨ। ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ‘ਮੁੱਛ ਦਾ ਵਾਲ’ ਮੰਨੇ ਜਾਂਦੇ ਨਾਮੀ ਟਰਾਂਸਪੋਰਟਰ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਖ਼ਿਲਾਫ਼ ਹਰਦੀਪ ਸਿੰਘ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ’ਚ ਹੈ। ਪੰਜਾਬ ਦਾ ਚੌਥਾ ਤੇ ਅਹਿਮ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਹੈ ਜਿੱਥੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਲੜਕਾ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਹੈ।
ਛੋਟੇ ਢੀਂਡਸਾ ਨੂੰ ਅਜਾਦ ਉਮੀਦਵਾਰ ਪਰਮਿੰਦਰ ਸਿੰਘ ਨੇ ਟੱਕਰ ਦਿੱਤੀ ਹੈ। ਬਾਘਾ ਪੁਰਾਣਾ ਹਲਕੇ ਤੋਂ ਤਿੰਨ ਦਰਸ਼ਨ ਸਿੰਘ ਚੋਣ ਲੜ ਰਹੇ ਹਨ ਜਿੰਨ੍ਹਾਂ ਵਿੱਚੋ ਦੋ ਦਾ ਇੱਕੋ ਪਿੰਡ ਖੋਟੇ ਹੈ। ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਵਾਸੀ ਖੋਟੇ ਖ਼ਿਲਾਫ਼ ਇੱਕ ਆਜ਼ਾਦ ਉਮੀਦਵਾਰ ਵੀ ਦਰਸ਼ਨ ਸਿੰਘ ਬਰਾੜ ਹੈ। ਦੂਸਰਾ ਉਮੀਦਵਾਰ ਦਰਸ਼ਨ ਸਿੰਘ ਖੋਟੇ ਹੈ। ਵਿਧਾਨ ਸਭਾ ਹਲਕਾ ਜੀਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ ਸਾਹਮਣੇ ਅਜਾਦ ਉਮੀਦਵਾਰ ਨਰੇਸ਼ ਕੁਮਾਰ ਨੇ ਝੰਡਾ ਗੱਡਿਆ ਹੈ।
ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਖਿਲਾਫ ਅਜ਼ਾਦ ਕੁਲਬੀਰ ਸਿੰਘ ਚੋਣ ਮੈਦਾਨ ’ਚ ਡਟਿਆ ਹੈ।ਹਲਕਾ ਰਾਏਕੋਟ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਬਲਦੇਵ ਸਿੰਘ ਖ਼ਿਲਾਫ਼ ਆਜ਼ਾਦ ਉਮੀਦਵਾਰ ਬਲਦੇਵ ਸਿੰਘ ਵੀ ਮੈਦਾਨ ’ਚ ਹੈ। ਗੌਰਤਲਬ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ 13 ਹਲਕਿਆਂ ’ਚ 23 ਉਮੀਦਵਾਰ ਇੱਕ ਹੀ ਨਾਂ ਵਾਲੇ ਸਨ ਜਦੋਂਕਿ ਸਾਲ 2012 ’ਚ 18 ਹਲਕੇ 24 ਹਮਨਾਮ ਉਮੀਦਵਾਰਾਂ ਵਾਲੇ ਸਨ।
ਵਿਰੋਧੀ ਚਿੱਤ ਕਰਨ ਦਾ ਪੈਂਤੜਾ
ਅਜ਼ਾਦ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹ ਖੁਦ ਚੋਣ ਮੈਦਾਨ ’ਚ ਉੱਤਰੇ ਹਨ ਜਦੋਂ ਕਿ ਸੂਤਰ ਦੱਸਦੇ ਹਨ ਕਿ ਸਿਆਸੀ ਧਿਰਾਂ ਕਥਿਤ ਤੌਰ ’ਤੇ ਜਾਣ ਬੁੱਝਕੇ ਅਜਿਹਾ ਕਰਦੀਆਂ ਹਨ। ਸਿਆਸੀ ਲੋਕਾਂ ਵੱਲੋਂ ਆਪਣੇ ਵਿਰੋਧੀ ਨੂੰ ਚਿੱਤ ਕਰਨ ਲਈ ਚੱਲੀ ਇਹ ਚਾਲ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਵੱਖਰੀ ਗੱਲ ਹੈ ਪਰ ਵੋਟਰਾਂ ’ਚ ਬਟਨ ਦਬਾਉਣ ਵੇਲੇ ਇੱਕ ਦਫਾ ਜ਼ਰੂਰ ਭੰਬਲਭੂਸਾ ਪੈਦਾ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਜਿੱਤ ਲਈ ਭੰਬਲਭੂਸੇ ਦੀ ਰਾਜਨੀਤੀ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਉਮੀਦਵਾਰ ਇੱਕ ਦੂਜੇ ਨੂੰ ਵੋਟਾਂ ਦੀ ਢਾਹ ਲਾਉਣ ਖਾਤਰ ਇਸ ਤਰਾਂ ਦੀਆਂ ਚਾਲਾਂ ਚੱਲਦੇ ਹਨ ਤਾਂ ਜੋ ਵੋਟਰਾਂ ਵਿੱਚ ਭੰਬਲਭੂਸਾ ਪੈਦਾ ਹੋ ਜਾਵੇ ਤੇ ਇੱਕੋ ਹੀ ਨਾਂ ਦੇ ਦੋ ਉਮੀਦਵਾਰਾਂ ਵਿੱਚ ਵੋਟਾਂ ਵੰਡੀਆਂ ਜਾਣ। ਉਨ੍ਹਾਂ ਆਖਿਆ ਕਿ ਵੋਟਰ ਕਈ ਵਾਰ ਕਾਹਲੀ ਵਿੱਚ ਨਾਂ ਦੇ ਮਾਮਲੇ ਵਿੱਚ ਧੋਖਾ ਵੀ ਖਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਹੀ ਮਾਇਨਿਆਂ ’ਚ ਇਹ ਰਾਜਨੀਤੀ ’ਚ ਆਈ ਗਿਰਾਵਟ ਹੈ ਜਿਸ ਕਰਕੇ ਨੇਤਾ ਜਿੱਤ ਲਈ ਹਰ ਹਰਬਾ ਵਰਤਣ ਲੱਗੇ ਹਨ।