ਪੰਜਾਬ ਵਿੱਚ ਕਾਂਗਰਸ ਵਿਧਾਨਸਭਾ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਨੂੰ ਲੈਕੇ ਅਜੇ ਵੀ ਫਸਿਆ ਹੋਇਆ ਹੈ ਪੇਚ
ਦੀਪਕ ਗਰਗ
ਚੰਡੀਗੜ੍ਹ 22 ਜਨਵਰੀ 2022
ਪੰਜਾਬ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਅਜੇ ਵੀ ਪੇਚ ਫਸਿਆ ਹੋਇਆ ਹੈ। ਕਾਂਗਰਸ ਨੇ ਸ਼ਨੀਵਾਰ ਨੂੰ 31 ਉਮੀਦਵਾਰਾਂ ਦੀ ਇਹ ਸੂਚੀ ਜਾਰੀ ਕਰਨੀ ਸੀ ਪਰ ਸਹਿਮਤੀ ਨਹੀਂ ਬਣ ਸਕੀ। ਹੁਣ ਕਾਂਗਰਸ ਹਾਈਕਮਾਂਡ ਨੇ ਇਸ ਲਈ ਸਬ-ਕਮੇਟੀ ਦਾ ਗਠਨ ਕਰ ਦਿੱਤਾ ਹੈ। ਜਿਸ ਵਿੱਚ ਕੇਸੀ ਵੇਣੂਗੋਪਾਲ, ਮੁਕੁਲ ਵਾਸਨਿਕ, ਅੰਬਿਕਾ ਸੋਨੀ ਅਤੇ ਅਜੈ ਮਾਕਨ ਨੂੰ ਮੈਂਬਰ ਰੱਖਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ, ਚਰਨਜੀਤ ਚੰਨੀ ਅਤੇ ਸੁਨੀਲ ਜਾਖੜ ਵਿਚਾਲੇ ਕਰੀਬ 5 ਤੋਂ 7 ਉਮੀਦਵਾਰਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਹੈ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕਾਂਗਰਸ ਪਹਿਲਾਂ ਹੀ 86 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਬਾਕੀ ਰਹਿ ਗਈ ਸੂਚੀ ਵਿੱਚ ਸਭ ਤੋਂ ਅਹਿਮ 12 ਵਿਧਾਇਕਾਂ ਦੇ ਨਾਂ ਹਨ। ਜਿਨ੍ਹਾਂ ਵਿੱਚੋਂ 6 ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੀ ਚਰਚਾ ਚੱਲ ਰਹੀ ਹੈ। ਇਹ ਵਿਧਾਇਕ ਆਪਣੇ ਕਰੀਬੀ ਆਗੂਆਂ ਰਾਹੀਂ ਵੀ ਲਾਬਿੰਗ ਕਰਵਾ ਰਹੇ ਹਨ।
ਕਾਂਗਰਸ ਦੀ ਫਿਰੋਜ਼ਪੁਰ ਦੇਹਾਤੀ ਤੋਂ ਮੌਜੂਦਾ ਵਿਧਾਇਕ ਸਤਕਾਰ ਕੌਰ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਖੇਮਕਰਨ ਤੋਂ ਸੁਖਪਾਲ ਭੁੱਲਰ ਅਤੇ ਅਟਾਰੀ ਤੋਂ ਤਰਸੇਮ ਡੀ.ਸੀ. ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਅਦਿਤੀ ਸਿੰਘ ਦੇ ਪਤੀ ਅੰਗਦ ਸਿੰਘ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ। ਉਹ ਨਵਾਂਸ਼ਹਿਰ ਤੋਂ ਵਿਧਾਇਕ ਹਨ। ਗੁਰਦਾਸਪੁਰ ਦੇ ਭੋਆ ਤੋਂ ਵਿਧਾਇਕ ਜੋਗਿੰਦਰਪਾਲ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾਂ ਨੂੰ ਪ੍ਰਤਾਪ ਬਾਜਵਾ ਦਾ ਸਮਰਥਨ ਮਿਲ ਰਿਹਾ ਹੈ।
ਦਵਿੰਦਰ ਘੁਬਾਇਆ ਇਸ ਸਮੇਂ ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਹਨ। ਇਹ ਵਿਧਾਨ ਸਭਾ ਹਲਕਾ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਗ੍ਰਹਿ ਜ਼ਿਲ੍ਹੇ ਵਿੱਚ ਹੈ। ਜਾਖੜ ਘੁਬਾਇਆ ਨੂੰ ਟਿਕਟ ਦੇਣ ਦਾ ਵਿਰੋਧ ਕਰ ਰਹੇ ਹਨ। ਘੁਬਾਇਆ ਨੂੰ ਫਿਰੋਜ਼ਪੁਰ ਦਿਹਾਤੀ ਭੇਜਣ ਦੀ ਤਿਆਰੀ ਸੀ ਪਰ ਉਥੋਂ ‘ਆਪ’ ਉਮੀਦਵਾਰ ਆਸ਼ੂ ਬਾਂਗੜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਿਨ੍ਹਾਂ ਨੂੰ ਮੁਖਮੰਤਰੀ ਚੰਨੀ ਨੇ ਉਮੀਦਵਾਰ ਐਲਾਨ ਦਿੱਤਾ। ਇਸ ਕਾਰਨ ਘੁਬਾਇਆ ਨੂੰ ਲੈ ਕੇ ਹੁਣ ਪੇਚ ਫਸ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਬੱਲੂਆਣਾ ਵੀ ਭੇਜਿਆ ਜਾ ਸਕਦਾ ਹੈ।
ਕੋਟਕਪੂਰਾ ਅਤੇ ਜੈਤੋ ਵਿਧਾਨਸਭਾ ਹਲਕਿਆਂ ਨੂੰ ਲੈਕੇ ਵੀ ਸਸਪੈਂਸ ਬਣਿਆ ਹੋਇਆ ਹੈ। ਜੈਤੋ ਹਲਕੇ ਤੋਂ ਸੰਸਦ ਮੈਂਬਰ ਮੁਹੱਮਦ ਸਦੀਕ ਦੀ ਬੇਟੀ ਜਾਵੇਦ ਅਖਤਰ ਨੂੰ ਮਹਿਲਾ ਹੋਣ ਦੇ ਨਾਤੇ ਕਾਂਗਰਸ ਦੀ ਇਕ ਪਰਿਵਾਰ ਇਕ ਟਿਕਟ ਨੀਤੀ ਦੇ ਉਲਟ ਟਿਕਟ ਮਿਲ ਸਕਦੀ ਹੈ। ਕੋਟਕਪੂਰਾ ਤੋਂ ਹਲਕਾ ਇੰਚਾਰਜ ਭਾਈ ਰਾਹੂਲ ਸਿੱਧੂ ਅਤੇ ਜਿਲਾ ਫਰੀਦਕੋਟ ਕਾਂਗਰਸ ਕਮੇਟੀ ਦੇ ਸਾਬਕਾ ਜਿਲਾ ਪ੍ਰਧਾਨ ਅਜੇਪਾਲ ਸੰਧੂ ਪ੍ਰਮੁੱਖ ਦਾਅਵੇਦਾਰ ਹਨ। ਜਿਨ੍ਹਾਂ ਵਿਚੋਂ ਇਕ ਦੀ ਚੋਣ ਟੇਢੀ ਖੀਰ ਬਣੀ ਹੋਈ ਹੈ।