ਕੀ ਸੁਖਬੀਰ ਸਿੰਘ ਬਾਦਲ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ?
ਅਸ਼ੋਕ ਵਰਮਾ
ਚੰਡੀਗੜ੍ਹ, 9ਮਾਰਚ2022: ਕੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾਂ ਵੱਲੋਂ ਇਸ ਸਬੰਧ ’ਚ ਕੀਤੇ ਜਾ ਰਹੇ ਦਾਅਵਿਆਂ ਨੂੰ ਇੱਕ ਤਰਫ ਰੱਖ ਦੇਈਏ ਤਾਂ ਕੌਮੀ ਟੀਵੀ ਚੈਨਲਾਂ ਵੱਲੋਂ ਕੀਤੀਆਂ ਗਈਆਂ ਪੇਸ਼ੀਨਗੋਈਆਂ ਦੇ ਉਲਟ ਰਿਸਰਚ ਡੈਸਕ (ਆਰ ਡੀ ਆਈ ਪੀ) ਦੇ ਅਧਿਐਨ ਮੁਤਾਬਕ ਪੰਜਾਬ ’ਚ ਅਜਿਹਾ ਹੋਣ ਦੀਆਂ ਕਾਫੀ ਸੰਭਾਵਨਾਵਾਂ ਹਨ।
ਉਂਜ ਦਲਜੀਤ ਸਿੰਘ ਚੀਮਾਂ ਤੇ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਅੱਗੇ ਆਕੇ ਗੱਠਜੋੜ ਦੀ ਸਰਕਾਰ ਬਣਨ ਦੇ ਸਬੰਧ ’ਚ ਵਕਾਲਤ ਕਰਨਾ ਕੋਈ ਸਹਿਜ ਨਹੀਂ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇੱਕਾ ਦੁੱਕਾ ਐਗਜ਼ਿਟ ਪੋਲ ਨੂੰ ਛੱਡਕੇ ਜਿਆਦਾਤਰ ਨੇ ਆਮ ਆਦਮੀ ਪਾਰਟੀ ਨੂੰ ਬਹੁਮੱਤ ਦਿੱਤਾ ਹੈ ਜਦੋਂਕਿ ਦੋ ਸਰਵੇਖਣਾਂ ’ਚ ਤਾਂ ਆਪ ਦੀ ਹਨੇਰੀ ਝੁੱਲਦੀ ਦਿਖਾਈ ਦੇ ਰਹੀ ਹੈ।
ਅੱਜ ਆਰਡੀਆਈਪੀ ਵੱਲੋਂ ਟਾਪ ਸਟੋਰੀ ਦੇ ਨਾਮ ਹੇਠ ਸਾਹਮਣੇ ਲਿਆਂਦੇ ਅਧਿਐਨ ਮੁਤਾਬਕ ਪੰਜਾਬ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਦਾ ਦਿਖਾਈ ਦੇ ਰਿਹਾ ਹੈ। ਇਸ ਅਧਿਐਨ ਦੀ ਰੌਸ਼ਨ ’ਚ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਫਿਰ ਵੀ ਅਕਾਲੀ ਦਲ ਬਸਪਾ ਗਠਜੋੜ ਬਾਜੀ ਮਾਰ ਸਕਦਾ ਹੈ ਜਿਸ ਦੀ ਸੱਤਾਧਾਰੀ ਕਾਂਗਰਸ ਨਾਲ ਸਿੱਧੀ ਟੱਕਰ ਹੈ। ਆਰਡੀਆਈਪੀ ਦੇ ਅੰਤਿਮ ਐਗਜ਼ਿਟ ਪੋਲ ਦੀ ਭਵਿੱਖਬਾਣੀ ਅਨੁਸਾਰ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ 47 ਤੋਂ 53 ਸੀਟਾਂ ਮਿਲਣਗੀਆਂ ਜਦੋਂਕਿ ਕਾਂਗਰਸ ਨੂੰ 30 ਤੋਂ 35 ਸੀਟਾਂ ਨਾਲ ਸੰਤੁਸ਼ਟ ਰਹਿਣਾ ਪੈ ਸਕਦਾ ਹੈ।
‘ਆਪ’ ਨੂੰ 23 ਤੋਂ 28 ਅਤੇ ਭਾਜਪਾ ਨਾਲ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਸਿਰਫ 6-10 ਸੀਟਾਂ ਮਿਲ ਸਕਦੀਆਂ ਹਨ ਜਦੋਂਕਿ ਬਾਕੀ 1-3 ਸੀਟਾਂ ਤੱਕ ਸਿਮਟ ਸਕਦੇ ਸਕਦੇ ਹਨ। ਰਿਸਰਚ ਡੈਸਕ ਵੱਲੋਂ ਜਾਰੀ ਅੰਕੜਿਆਂ ਦੀ ਪੜਚੋਲ ਕਰੀਏ ਤਾਂ ਔਸਤਨ 50 ਹਲਕਿਆਂ ’ਚ ਜਿੱਤ ਪ੍ਰਾਪਤ ਕਰਨ ਵਾਲਾ ਅਕਾਲੀ ਦਲ ਸਰਕਾਰ ਬਨਾਉਣ ਵੱਲ ਵਧ ਸਕਦਾ ਹੈ ਕਿਉਂਕਿ ਭਾਜਪਾ ਨਾਲ ਹੱਥ ਮਿਲਾਉਣ ਦੀ ਸੂਰਤ ’ਚ ਬਹੁਮੱਤ ਸਾਬਤ ਕਰਨ ਲਈ ਉੱਗਲਾਂ ਤੇ ਗਿਣੀਆਂ ਜਾਣ ਵਾਲੀਆਂ ਸੀਟਾਂ ਦੀ ਜਰੂਰਤ ਪਵੇਗੀ ਜੋਕਿ ਮੌਜੂਦਾ ਰਾਜਸੀ ਹਾਲਾਤਾਂ ਅਤੇ ਕੇਂਦਰ ’ਚ ਸੱਤਾ ਭਾਜਪਾ ਦੇ ਹੱਥ ਹੋਣ ਕਾਰਨ ਹਾਸਲ ਹੋਣੀਆਂ ਕੋਈ ਮੁਸ਼ਕਲ ਨਹੀਂ ਹਨ।
ਰਿਸਰਚ ਡੈਸਕ ਨੇ ਜੋ ਅਧਿਐਨ ਕੀਤਾ ਹੈ ਉਸ ਮੁਤਾਬਕ ਪੰਜਾਬ ਦੇ ਮਾਝਾ ਖੇਤਰ ਵਿੱਚ ਅਕਾਲੀ ਦਲ ਬਸਪਾ ਗਠਜੋੜ ਨੂੰ 12-13 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਸੱਤਾਧਾਰੀ ਕਾਂਗਰਸ 7-8 ਸੀਟਾਂ ਤੱਕ ਰਹਿ ਸਕਦੀ ਹੈ। ਰਿਸਰਚ ਡੈਸਕ ਨੇ ‘ਆਪ’ ਨੂੰ 3-4 ਅਤੇ ਭਾਜਪਾ ਗੱਠਜੋੜ ਨੂੰ ਸਿਰਫ ਇੱਕ ਜਾਂ ਦੋ ਸੀਟਾਂ ਮਿਲਦੀਆਂ ਦਰਸਾਈਆਂ ਹਨ। ਆਰਡੀਆਈਪੀ ਦੇ ਐਗਜ਼ਿਟ ਪੋਲ ਨੇ ਦੋਆਬਾ ਖੇਤਰ ਵਿੱਚ ਅਕਾਲੀ ਦਲ ਬਸਪਾ ਗਠਜੋੜ ਨੂੰ 11-12 ਵਿਧਾਨ ਸਭਾ ਸੀਟਾਂ ਅਤੇ ਕਾਂਗਰਸ ਨੂੰ 6-7 ਸੀਟਾਂ ਦਿੱਤੀਆਂ ਹਨ।
‘ਆਪ’ ਇਸ ਖੇਤਰ ‘ਚ 3-4 ਸੀਟਾਂ ਅਤੇ ਭਾਜਪਾ ਗਠਜੋੜ 2-3 ਸੀਟਾਂ ਨਾਲ ਪਿੱਛੇ ਰਹੇਗਾ ਜਦੋਂਕਿ ਇੱਕ ਸੀਟ ਹੋਰਾਂ ਨੂੰ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਸਰਕਾਰ ਬਣਾਉਣ ਦਾ ਫੈਸਲਾ ਕਰਨ ਵਿੱਚ ਅਹਿਮ ਮੰਨੇ ਜਾਂਦੇ ਮਾਲਵੇ ’ਚ ਜੋਕਿ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਵਿੱਚ ਅਕਾਲੀ ਦਲ ਬਸਪਾ ਗਠਜੋੜ ਨੂੰ ਵਿੱਚ 24-28 ਸੀਟਾਂ ਮਿਲਦੀਆਂ ਦੱਸੀਆਂ ਗਈਆਂ ਹਨ।ਸੱਤਾਧਾਰੀ ਕਾਂਗਰਸ ਅਤੇ ‘ਆਪ’ ਮਾਲਵੇ ‘ਚ ਦੂਜੇ ਸਥਾਨ ਲਈ ਆਪਸ ਵਿੱਚ ਭਿੜਦੇ ਨਜ਼ਰ ਆ ਰਹੇ ਹਨ ਅਤੇ ਦੋਵਾਂ ਪਾਰਟੀਆਂ ਨੂੰ 17-20 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਬੀਜੇਪੀ ਗੱਠਜੋੜ 3-5 ਸੀਟਾਂ ਨਾਲ ਬਹੁਤ ਪਿੱਛੇ ਰਹੇਗਾ ਅਤੇ ਬਾਕੀਆਂ ਨੂੰ ਦੋ ਸੀਟਾਂ ਮਿਲ ਸਕਦੀਆਂ ਹਨ। ਰਿਸਰਚ ਡੈਸਕ ਨੇ ਆਪਣੇ ਸਰਵੇ ਦੇ ਸਾਰ ਤੱਤ ’ਚ ਜੋ ਸਿੱਟਿਆ ਕੱਢਿਆ ਹੈ ਉਹ ਲਟਕਵੀਂ ਵਿਧਾਨ ਸਭਾ ਵੱਲ ਇਸ਼ਾਰਾ ਕਰਦਾ ਹੈ ਪਰ ਇਸ ’ਚ ਅਕਾਲੀ ਦਲ ਬਸਪਾ ਨੂੰ ਸਭ ਤੋਂ ਵੱਡੀ ਪਾਰਟੀ ਦਿਖਾਇਆ ਗਿਆ ਹੈ। ਦਿਲਚਸਪ ਪਹਿਲੂ ਹੈ ਕਿ ਜਿੱਥੇ ਟੀਵੀ ਚੈਨਲਾਂ ਨੇ ਆਮ ਆਦਮੀ ਪਾਰਟੀ ਨੂੰ ਬੜੀ ਅਸਾਨੀ ਨਾਲ ਸਰਕਾਰ ਬਣਾਉਂਦੀ ਦਿਖਾਇਆ ਹੈ ਉੱਥੇ ਹੀ ਰਿਸਰਚ ਡੈਸਕ ਲਟਕਵੀਂ ਐਸੰਬਲੀ ਵੱਲ ਇਸ਼ਾਰਾ ਕਰ ਰਿਹਾ ਹੈ।
ਸੀਨੀਅਰ ਡਾਟਾ ਸਾਇੰਟਿਸਟ ਅਤੇ ਪੋਲ ਰਣਨੀਤੀਕਾਰ ਵੀਰੇਨ ਸਿੰਘ ਨੇ ਮੰਨਿਆ ਹੈ ਕਿ ਐਗਜ਼ਿਟ ਪੋਲ ਤੇ ਜਮੀਨੀ ਹਕੀਕਤਾਂ ਵੱਖਰੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਨੂੰ ਤਕਰੀਬਨ 26 ਫੀਸਦੀ ਵੋਟਾਂ ਮਿਲੀਆਂ ਸਨ। ਰਿਸਰਚ ਡੈਸਕ ਨੇ ਸਿਰਫ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜਾਬ ਵਿੱਚ ਦੋ ਕਾਡਰ ਆਧਾਰਿਤ ਪਾਰਟੀਆਂ ਮੰਨਿਆ ਹੈ ਜੋਕਿ ਮੌਜੂਦਾ ਸਿਆਸੀ ਦ੍ਰਿਸ਼ ਮੁਤਾਬਕ ਵੱਡੀ ਗੱਲ ਹੈ।