ਕੇਵਲ ਕਾਂਗਰਸ ਹੀ ਪੰਜਾਬ ਵਿੱਚ ਇੱਕ ਤਜ਼ਰਬੇਕਾਰ ਸਰਕਾਰ ਦੇ ਸਕਦੀ ਹੈ- ਮਨੀਸ਼ ਤਿਵਾੜੀ
ਹਰੀਸ਼ ਕਾਲੜਾ
ਰੂਪਨਗਰ,17 ਫਰਵਰੀ 2022 - ਕੇਵਲ ਕਾਂਗਰਸ ਹੀ ਪੰਜਾਬ ਵਿੱਚ ਇੱਕ ਤਜ਼ਰਬੇਕਾਰ ਸਰਕਾਰ ਦੇ ਸਕਦੀ ਹੈ।ਇਹ ਪ੍ਰਗਟਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਰੂਪਨਗਰ ਪ੍ਰੈੱਸ ਕਲੱਬ ਵਿਖੇ 'ਮੀਟ ਦ ਪ੍ਰੈੱਸ' ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਨਾਲੋਂ ਵੱਖਰੀ ਕਿਸਮ ਦੀਆਂ ਚੁਣੌਤੀਆਂ ਹਨ ਅਤੇ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਇੱਕ ਤਜ਼ਰਬੇਕਾਰ ਸਰਕਾਰ ਹੀ ਕਰ ਸਕਦੀ ਹੈ।
ਆਮ ਆਦਮੀ ਪਾਰਟੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ੋਰ ਜਿਸ ਮਰਜੀ ਦਾ ਵੀ ਹੋਵੇ ਪਰੰਤੂ ਵੋਟਾਂ ਦਾ ਝਾੜ ਤਾਂ ਕਾਂਗਰਸ ਦੇ ਹਿੱਸੇ ਹੀ ਆਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਮਜਬੂਤ ਜਥੇਬੰਦਕ ਢਾਂਚਾ ਹੈ ਜੋ ਕਿ ਚੋਣ ਪ੍ਰਚਾਰ ਨੂੰ ਵੋਟਾਂ ਵਿੱਚ ਤਬਦੀਲ ਕਰਨ ਦੀ ਸਮਰਥਾਂ ਰੱਖਦਾ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਜਦੋਂ ਪੰਜਾਬ ਵਿੱਚ ਕਾਂਗਰਸ਼ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦਰਮਿਆਨ ਸਿੱਧੀ ਟੱਕਰ ਹੁੰਦੀ ਸੀ ਐਤਕੀਂ ਰਾਜ ਅੰਦਰ ਬਹੁਕੋਣੀ ਮੁਕਾਬਲੇ ਹੋਣ ਕਾਰਨ ਭੰਬਲਭੂਸੇ ਵਾਲੀ ਸਥਿਤੀ ਹੈ ਪਰੰਤੂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਹੀ ਅਸ਼ੀਰਵਾਦ ਦੇਣਗੇ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚ ਇੱਕ ਗ਼ੈਰ ਤਜ਼ਰਬੇਕਾਰ ਸਰਕਾਰ ਦੀ ਚੋਣ ਕਰ ਲਈ ਤਾਂ ਉਨ੍ਹਾਂ ਨੂੰ ਪੰਜਾਬ ਦਾ ਭੀਵੱਖ ਧੁੰਦਲਾ ਜਾਪਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰੇ,ਧਾਰਮਿਕ ਭਾਵਨਾਵਾਂ ਅਤੇ ਦਰਿਆਈ ਪਾਣੀਆਂ ਦੇ ਮੁੱਦਿੇ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਸੂਬੇ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ।
ਉਨ੍ਹਾਂ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਸ੍ਰਿ ਆਨੰਦਪੁਰ ਸਾਹਿਬ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਗ ਅਤੇ ਰੂਪਨਗਰ ਹਲਕੇ ਤੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਵੋਟਾਂ ਪਾ ਕੇ ਜਿਤਾਉਣ।
ਇਸ ਮੌਕੇ ਪੰਜਾਬ ਲਾਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਹਾਜਰ ਸਨ।