ਚੋਣ ਜਾਬਤੇ ਦੀ ਉਲੰਘਣਾ: ਕਾਂਗਰਸੀ ਉਮੀਦਵਾਰ ਖਿਲਾਫ਼ ਕੇਸ ਦਰਜ
ਅਸ਼ੋਕ ਵਰਮਾ
ਮਾਨਸਾ, 18 ਫਰਵਰੀ2022 :ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਾਂਗਰਸੀ ਉਮੀਦਵਾਰ ਬਿਕਰਮਜੀਤ ਸਿੰਘ ਮੋਫਰ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਤਹਿਤ ਮੁਕੱਦਮਾ ਦਰਜ ਕੀਤਾ ਹੈ।ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਮਨੀਸ਼ਾ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਲਾਇੰਗ ਸਕੂਐਡ ਟੀਮ (ਐਫ.ਐਸ.ਟੀ) ਦੇ ਦੱਸਣ ਮੁਤਾਬਿਕ ਪਿੰਡ ਲਾਲਿਆਵਾਲੀ, ਝੂਨੀਰ, ਫੱਤਾ-ਮਾਲੋਕਾ ਆਦਿ ਵਿਖੇ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਕਰਮਜੀਤ ਸਿੰਘ ਮੌਫਰ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਕੋਈ ਪ੍ਰਵਾਨਗੀ ਨਹੀ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਮੋਟਰਸਾਇਲਕਾਂ ਅਤੇ ਗੱਡੀਆਂ ਦੀ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਅੱਜ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖਿਲਾਫ਼ ਥਾਣਾ ਝੂਨੀਰ ਵਿਖੇ ਧਾਰਾ 188, 171 (ਐਚ) ਆਈ.ਪੀ.ਸੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਰਿਟਰਨਿੰਗ ਅਧਿਕਾਰੀ ਮੈਡਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਨਿਰਪੱਖ ਚੋਣਾਂ ਕਰਵਾਉਣ ਲਈ ਆਦਰਸ਼ ਚੋਣ ਜ਼ਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗਾਂ ਰਾਹੀ ਸਮੁੱਚੀ ਜਾਣਕਾਰੀ ਪਹਿਲਾ ਤੋਂ ਦਿੱਤੀ ਜਾ ਚੁੱਕੀ ਹੈ। ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵਿਅਕਤੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।