ਚੋਣ ਡਿਊਟੀ: ‘ਸਰਬਣ ਪੁੱਤ’ ਬਣੇ ਮੁਲਾਜ਼ਮਾਂ ਵੱਲੋਂ ਛੋਟ ਲਈ ਹੰਭਲਾ
ਅਸ਼ੋਕ ਵਰਮਾ
ਬਠਿੰਡਾ, 15ਫਰਵਰੀ2022: ਪੰਜਾਬ ਵਿਧਾਨ ਸਭਾ ’ਚ ਲੱਗੀਆਂ ਡਿਊਟੀਆਂ ਨੇ ਦਰਜਨਾਂ ਸਰਕਾਰੀ ਮੁਲਾਜਮਾਂ ਨੂੰ ‘ਸਰਬਣ ਪੁੱਤ’ ਬਣਾ ਦਿੱਤਾ ਹੈ । ਏਦਾਂ ਹੀ ਕਈ ਮਹਿਲਾ ਮੁਲਾਜਮ ਨੂੰ ‘ਸੱਸਾਂ’ ਦੀ ਸੇਵਾ ਯਾਦ ਆਈ ਹੈ। ਮਾਲਵੇ ਖਿੱਤੇ ਨਾਲ ਸਬੰਧਤ ਇਹ ਤੱਥ ਵੱਡੀ ਗਿਣਤੀ ਉਨ੍ਹਾਂ ਮੁਲਾਜਮਾਂ ਨਾਲ ਸਬੰਧਤ ਹਨ ਜਿੰਨ੍ਹਾਂ ਦੀ ਇੰਨ੍ਹਾਂ ਚੋਣਾਂ ਦੌਰਾਨ ਡਿਊਟੀ ਲੱਗੀ ਹੈ। ਚੋਣ ਡਿਊਟੀ ਤੋਂ ਛੋਟ ਲਈ ਦਿੱਤੇ ਬੇਨਤੀ ਪੱਤਰਾਂ ਬਾਰੇ ਹਾਸਲ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ । ਮੁਲਾਜਮਾਂ ਨੇ ਆਪੋ ਆਪਣੇ ਚੋਣ ਅਧਿਕਾਰੀਆਂ ਕੋਲ ਵੱਖ ਵੱਖ ਤਰਾਂ ਦੀਆਂ ਦਲੀਲਾਂ ਦਿੱਤੀਆਂ ਹਨ ਤਾਂ ਜੋ ਵਿਧਾਨ ਸਭਾ ਚੋਣਾਂ ਚੋਂ ਡਿਊਟੀ ਕਟਵਾਈ ਜਾ ਸਕੇ।
ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਦੁੱਖ ਤਕਲੀਫ ਨਹੀਂ ਹੋ ਸਕਦੀ ,ਜਾਇਜ ਮਾਮਲਿਆਂ ’ਚ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਊਟੀ ਤੋਂ ਛੋਟ ਵੀ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਚੋਣ ਅਧਿਕਾਰੀਆਂ ਦੀ ਪੈਨੀ ਨਜ਼ਰ ’ਚ ਅਜਿਹੇ ਮਾਮਲੇ ਬਚ ਨਹੀਂ ਸਕੇ ਜਿੰਨ੍ਹਾਂ ਨੇ ਸਿਰਫ ਡਿਊਟੀ ਨਾਂ ਦੇਣ ਲਈ ਬਹਾਨੇ ਹੀ ਬਣਾਏ ਹਨ। ਵੱਡੀ ਗੱਲ ਹੈ ਕਿ ਜੇਕਰ ਚੋਣ ਪ੍ਰਸ਼ਾਸ਼ਨ ਇੰਨ੍ਹਾਂ ਦਲੀਲਾਂ ਤੇ ਗੌਰ ਕਰਦਾ ਹੈ ਤਾਂ ਚੋਣਾਂ ਦਾ ਕੰਮ ਨਿਰਵਿਘਨ ਮੁਕੰਮਲ ਕਰਨ ’ਚ ਔਕੜਾਂ ਆ ਸਕਦੀਆਂ ਹਨ। ਚੋਣ ਪ੍ਰਸ਼ਾਸਨ ਵੱਲੋਂ ਸਿੱਖਿਆ ਮਹਿਕਮੇ ਦੇ ਅਧਿਆਪਕਾਂ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਬੈਂਕ ਮੁਲਾਜਮ ਵੀ ਡਿਊਟੀ ਤੇ ਲਾਏ ਗਏ ਹਨ।
ਜਾਣਕਾਰੀ ਅਨੁਸਾਰ ਲੁਧਿਆਣਾ ਜਿਲ੍ਹੇ ’ਚ ਵੱਡੀ ਸਮੱਸਿਆ ਆਈ ਹੈ ਜਿੱਥੇ ਡਿਪਟੀ ਕਮਿਸ਼ਨਰ ਨੂੰ ਸਖਤ ਰੁੱਖ ਅਖਤਿਆਰ ਕਰਨਾ ਪਿਆ ਹੈ। ਡਿਊਟੀ ਕਟਾਉਣ ਵਾਲੇ ਮੁਲਾਜ਼ਮਾਂ ਦਾ ਚੋਣ ਪ੍ਰਸ਼ਾਸਨ ਕੋਲ ਹੜ੍ਹ ਜਿਹਾ ਆਉਣ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਨੂੰ ਕਹਿਣਾ ਪਿਆ ਉਹ ਮੁਲਾਜਮਾਂ ਦੇ ਦੁੱਖਾਂ ਨੂੰ ਦੇਖਦਿਆਂ ਸਰਕਾਰ ਨੂੰ ਪੱਤਰ ਲਿਖਕੇ ਸਿਫਾਰਸ਼ ਕਰਨਗੇ ਅਜਿਹੇ ਕਰਮਚਾਰੀਆਂ ਨੂੰ ਅਗੇਤੀ ਸੇਵਾ ਮੁਕਤੀ ਦੇ ਦਿੱਤੀ ਜਾਏ। ਜਲੰਧਰ ਜਿਲ੍ਹੇ ’ਚ ਤਾਂ ਡਿਊਟੀ ਨੂੰ ਟਿੱਚ ਜਾਨਣ ਵਾਲੇ ਮੁਲਾਜਮਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇਣੇ ਪਏੇ ਹਨ। ਪਟਿਆਲਾ ਜਿਲ੍ਹੇ ’ਚ ਡਿਊਟੀ ਕਟਵਾਉਣ ਲਈ ਇੱਕ ਸਿਆਸੀ ਲੀਡਰ ਤੋਂ ਫੋਨ ਕਰਵਾਉਣ ਕਾਰਨ ਇੱਕ ਮੁਲਾਜਮ ਦੀ ਝਾੜ ਝੰਬ ਕਰਨ ਦੀ ਖਬਰ ਹੈ ।
ਚੋਣ ਕਮਿਸ਼ਨ ਪੰਜਾਬ ਨੇ ਵਿਧਾਨ ਸਭਾ ਚੋਣਾਂ ਵਿੱਚ ਗਰਭਵਤੀ ਮਹਿਲਾ ਮੁਲਾਜ਼ਮਾਂ ਅਤੇ ਉਨ੍ਹਾਂ ਮਹਿਲਾ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਹੈ ਜਿਨ੍ਹਾਂ ਦੇ ਬੱਚੇ ਹਾਲੇ ਇੱਕ ਸਾਲ ਤੋਂ ਘੱਟ ਉਮਰ ਦੇ ਹਨ। ਇਸ ਤੋਂ ਇਲਾਵਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਜਾਂ ਬੇਹੱਦ ਮਜਬੂਰੀ ਵਾਲੇ ਮੁਲਾਜਮ ਵੀ ਚੋਣ ਡਿਊਟੀ ਤੋਂ ਬਾਹਰ ਰੱਖੇ ਗਏ ਹਨ। ਚੋਣ ਕਮਿਸ਼ਨ ਵੱਲੋਂ ਅੰਗਹੀਣ ਮੁਲਾਜਮਾਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਹਾਦਸਾ ਹੋ ਜਾਣ ਦੀ ਸੂਰਤ ’ਚ ਵੀ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਣੀ ਹੈ। ਇਸ ਤੋਂ ਇਲਾਵਾ ਬਗੈਰ ਮਤਲਬ ਦੀਆਂ ਅਰਜੀਆਂ ਨੂੰ ਰੱਦੀ ਦੀ ਟੋਕਰੀ ’ਚ ਸੁੱਟਣ ਦਾ ਫੈਸਲਾ ਲਿਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਕੁੱਝ ਥਾਵਾਂ ’ਚ ਉਨ੍ਹਾਂ ਦਰਖਾਸਤਾਂ ਦੀ ਗਿਣਤੀ ਕਾਫੀ ਹੈ ਜਿਨ੍ਹਾਂ ਵਿੱਚ ਮੁਲਾਜ਼ਮਾਂ ਨੇ ਤਰਕ ਦਿੱਤਾ ਹੈ ਕਿ ਉਨ੍ਹਾਂ ਦੇ ਮਾਤਾ ਪਿਤਾ ਬਿਰਧ ਹਨ ਅਤੇ ਬਿਮਾਰ ਰਹਿੰਦੇ ਹਨ। ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ ਜਿਸ ਕਰਕੇ ਉਨ੍ਹਾਂ ਦੀ ਡਿਊਟੀ ਕੱਟੀ ਜਾਵੇ। ਕਈ ਮੁਲਾਜ਼ਮਾਂ ਨੇ ਆਪਣੀ ਬਿਮਾਰੀ ਦੀ ਗੱਲ ਆਖੀ ਹੈ। ਕਿਸੇ ਨੇ ਦਿਲ ਦੀ ਬਿਮਾਰੀ ਦੀ ਗੱਲ ਕੀਤੀ ਹੈ ਅਤੇ ਕਿਸੇ ਨੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਦੱਸੀ ਹੈ। ਇੱਕ ਮਹਿਲਾ ਮੁਲਾਜਮ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੀ ਸੱਸ ਦੀ ਉਮਰ ਜਿਆਦਾ ਅਤੇ ਉਸ ਦੇ ਦਿਲ ਦਾ ਆਪਰੇਸ਼ਨ ਹੋਇਆ ਹੈ ਇਸ ਲਈ ਉਸ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਇੱਕ ਅਧਿਆਪਕਾ ਨੇ ਤਰਕ ਦਿੱਤਾ ਹੈ ਕਿ ਉਸ ਨੂੰ ਚੱਕਰ ਆਉਣ ਲੱਗ ਜਾਂਦੇ ਹਨ ਅਤੇ ਅੱਖਾਂ ਅੱਗੇ ਹਨੇ੍ਹਰਾ ਆ ਜਾਂਦਾ ਹੈ।ਇਕੱਲੇ ਬਠਿੰਡਾ ਜਿਲ੍ਹੇ ’ਚ ਰਾਖਵੇਂ ਮੁਲਾਜਮਾਂ ਸਮੇਤ ਕਰੀਬ ਛੇ ਹਜ਼ਾਰ ਮੁਲਾਜਮ ਚੋਣ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ। ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਮੁਲਾਜਮਾਂ ਦੀਆਂ ਸੂਚੀਆਂ ਸਬੰਧਤ ਰਿਟਰਨਿੰਗ ਅਫਸਰਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਾਜਮਾਂ ਨੇ ਡਿਊਟੀ ਤੋਂ ਛੋਟ ਹਾਸਲ ਕਰਨ ਲਈ ਕਈ ਤਰਾਂ ਦੇ ਕਾਰਨ ਦੱਸੇ ਹਨ ਪਰ ਯੋਗ ਮਾਮਲਿਆਂ ’ਚ ਹੀ ਰਾਹਤ ਦਿੱਤੀ ਜਾਣੀ ਹੈ। ਇਸੇ ਤਰਾਂ ਹੀ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਵੀ ਮੁਲਾਜਮਾਂ ਨੇ ਆਪੋ ਆਪਣੇ ਢੰਗ ਨਾਲ ਡਿਊਟੀ ਤੋਂ ਛੋਟ ਮੰਗੀ ਹੈ ।
ਅਰਜੀਆਂ ਦੀ ਪੁਣਛਾਣ ਮਗਰੋਂ ਬਹਾਨੇਬਾਜ ਮੁਲਾਜਮਾਂ ਨੂੰ ਕੋਰਾ ਜਵਾਬ ਦਿੱਤਾ ਜਾ ਰਿਹਾ ਹੈ। ਹੋਰ ਵੀ ਕਈ ਜਿਲਿ੍ਹਆਂ ’ਚ ਬਹਾਨੇ ਮਾਰਨ ਵਾਲਿਆਂ ਦੀ ਸੁਣਵਾਈ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਚੋਣ ਪ੍ਰਸ਼ਾਸ਼ਨ ਕੋਲ ਕੁੱਝ ਥਾਵਾਂ ਤੇ ਡਿਸਕ ਅਤੇ ਨਜ਼ਰ ਦੀ ਸਮੱਸਿਆ ਕਾਰਨ ਡਿਊਟੀ ਕਟਵਾਉਣ ਲਈ ਪਹੁੰਚ ਕੀਤੀ ਹੈ । ਚੋਣ ਪ੍ਰਸ਼ਾਸ਼ਨ ਆਖਦਾ ਹੈ ਕਿ ਜੋ ਯੋਗ ਕੇਸ ਹਨ, ਉਨ੍ਹਾਂ ਦੀ ਡਿਊਟੀ ਕੱਟੀ ਜਾਵੇਗੀ ਜਦੋਂਕਿ ਬਾਕੀਆਂ ਨੂੰ ਚੋਣ ਅਮਲ ਨੇਪਰੇ ਚਾੜ੍ਹਨਾ ਹੀ ਪੈਣਾ ਹੈ। ਸੂਤਰ ਦੱਸਦੇ ਹਨ ਕਿ ਐਤਕੀ ਚੋਣ ਕਮਿਸ਼ਨ ਵੱਲੋਂ ਕਾਫੀ ਸਖਤੀ ਕੀਤੀ ਗਈ ਹੈ ਜਿਸ ਤਹਿਤ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਜਾਣ ਵਾਲੇ ਮੁਲਾਜਮਾਂ ਪ੍ਰਤੀ ਵੀ ਸਖਤ ਰਵੱਈਆ ਅਪਣਾਇਆ ਜਾ ਰਿਹਾ ਹੈ।