ਚੋਣ ਨਤੀਜਿਆਂ ਨੂੰ ਲੈਕੇ ਜਿੱਤ ਦੇ ਆਸਵਾਨ ਉਮੀਦਵਾਰ ਕਰ ਰਹੇ ਤਿਆਰੀ
- ਮੁਕਤਸਰ ਦੇ ਪ੍ਰਿੰਸ ਟੇਲਰ ਅਤੇ ਅਬੋਹਰ ਦੇ ਵੀਅਰਵੈੱਲ ਕੋਲ ਸਿਲਾਈ ਕਰਵਾਉਣ ਵਾਲੇ ਆਗੂਆਂ ਦਾ ਲੱਗਿਆ ਹੋਇਆ ਤਾਂਤਾ
ਦੀਪਕ ਗਰਗ
ਕੋਟਕਪੂਰਾ 3 ਮਾਰਚ 2022 - ਪੰਜਾਬ ਵਿੱਚ ਹੁਣ ਵੋਟਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਜਿੱਤ-ਹਾਰ ਦੇ ਸਮੀਕਰਨਾਂ ਵਿੱਚੋਂ ਉਭਰਦੇ ਆਗੂ ਹੁਣ ਆਪਣੇ ਆਪ ਨੂੰ ਜੇਤੂ ਸਮਝ ਰਹੇ ਹਨ। ਅਜਿਹੀ ਸੋਚ ਵਾਲੇ ਲੀਡਰ ਹੁਣ ਨਵੇਂ ਕੱਪੜੇ ਸਿਲਵਾਉਣ ਲੱਗ ਪਏ ਹਨ। ਖਾਸ ਗੱਲ ਇਹ ਹੈ ਕਿ ਸਾਰੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਹਨ। ਜਿੱਥੇ ਚੋਣ ਕਮਿਸ਼ਨ, ਪ੍ਰਸ਼ਾਸਨ ਅਤੇ ਪੁਲਿਸ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ 'ਚ ਜੁਟੀ ਹੋਈ ਹੈ, ਉੱਥੇ ਹੀ ਸਿਆਸੀ ਆਗੂਆਂ ਨੇ ਵੀ ਇਸ ਦਿਨ ਨੂੰ ਖਾਸ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਵੋਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੱਝ ਦਾ ਬੱਚਾ ਦਾਨ ਕੀਤਾ ਸੀ। ਜਦੋਂਕਿ ਵੋਟਿੰਗ ਤੋਂ ਬਾਅਦ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਦੀ ਗਊਸ਼ਾਲਾ ਵਿੱਚ ਪੁੱਜੇ ਅਤੇ ਗਊਆਂ ਨੂੰ ਚਾਰਾ ਖੁਆਇਆ।
ਵੋਟਾਂ ਦੀ ਗਿਣਤੀ ਤੋਂ ਬਾਅਦ ਕੀ ਕਰਨਾ ਹੈ। ਕੀ ਪਹਿਨਣਾ ਹੈ, ਕਿਵੇਂ ਜਸ਼ਨ ਮਨਾਉਣਾ ਹੈ, ਦੀਆਂ ਤਿਆਰੀਆਂ ਹੁਣ ਜ਼ੋਰਾਂ 'ਤੇ ਹਨ। ਮੀਡਿਆ ਸੂਤਰਾਂ ਮੁਤਾਬਿਕ ਇੱਕ ਜੋਤਸ਼ੀ ਦੀ ਭਵਿੱਖਬਾਣੀ ਤੋਂ ਬਾਅਦ ਇੱਕ ਉਮੀਦਵਾਰ ਨੇ 10 ਮਾਰਚ ਤੱਕ ਚਿੱਟੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਜੋਤਸ਼ੀ ਨੇ ਉਮੀਦਵਾਰ ਨੂੰ ਗਿਣਤੀ ਦੇ ਸਮੇਂ ਆਪਣੀ ਜੇਬ ਵਿੱਚ ਇੱਕ ਚਿੱਟਾ ਫੁੱਲ ਰੱਖਣ ਦੀ ਸਲਾਹ ਵੀ ਦਿੱਤੀ।
ਮੁਕਤਸਰ ਦੇ ਪ੍ਰਿੰਸ ਟੇਲਰਜ਼ 'ਤੇ ਇਨ੍ਹੀਂ ਦਿਨੀਂ ਕਾਫੀ ਭੀੜ ਹੈ। ਪ੍ਰਿੰਸ ਟੇਲਰਜ਼ ਤੇ ਦੋ ਦਰਜਨ ਉਮੀਦਵਾਰਾਂ ਨੇ ਫਰਵਰੀ ਮਹੀਂਨੇ ਵਿੱਚ ਕੱਪੜੇ ਸਿਲਾਈ ਕਰਨ ਦੇ ਆਰਡਰ ਦਿੱਤੇ ਹਨ। ਇਨ੍ਹਾਂ ਵਿੱਚੋਂ ਅੱਧੀ ਦਰਜਨ ਨੇ ਕਿਸੇ ਵੀ ਹਾਲਤ ਵਿੱਚ 9 ਮਾਰਚ ਤੋਂ ਪਹਿਲਾਂ ਸਪਲਾਈ ਦੀ ਮੰਗ ਕੀਤੀ ਹੈ। ਹਾਲਾਂਕਿ ਪ੍ਰਿੰਸ ਟੇਲਰਜ ਨੇ ਆਪਣੇ ਗਾਹਕਾਂ ਦੇ ਨਾਂ ਨਹੀਂ ਦੱਸੇ, ਪਰ ਉਨ੍ਹਾਂ ਨੇ ਕਿਹਾ ਕਿ ਉਹ 9 ਮਾਰਚ ਤੋਂ ਪਹਿਲਾਂ ਸਿਲਾਈ ਕੀਤੇ ਕੱਪੜੇ ਡਿਲੀਵਰ ਕਰਨ ਲਈ ਤਿਆਰ ਹਨ।
ਬਠਿੰਡਾ ਜ਼ਿਲ੍ਹੇ ਦੇ ਦੋ ਕਾਂਗਰਸੀ ਉਮੀਦਵਾਰਾਂ ਵੱਲੋਂ ਸਿਲਾਈ ਲਈ ਦਿੱਤੇ ਗਏ ਕੱਪੜੇ 6 ਫਰਵਰੀ ਤੋਂ 8 ਫਰਵਰੀ ਤੱਕ ਡਿਲੀਵਰ ਕੀਤੇ ਜਾਣੇ ਹਨ। ਬਠਿੰਡਾ ਜ਼ਿਲ੍ਹੇ ਦੇ ਇੱਕ ਅਕਾਲੀ ਉਮੀਦਵਾਰ ਨੇ ਆਪਣੇ ਘਰ ਸੀਨੀਅਰ ਵਰਕਰਾਂ ਨੂੰ ਇਕੱਠਾ ਕਰਕੇ ਜਿੱਤ ਦਾ ਜਸ਼ਨ ਮਨਾਉਣ ਲਈ ਤਿਆਰ ਰਹਿਣ ਲਈ ਕਿਹਾ ਹੈ। ਮੁਕਤਸਰ ਸਥਿਤ ਪ੍ਰਿੰਸ ਟੇਲਰਜ਼ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਦਿਨਾਂ ਦੌਰਾਨ ਉਨ੍ਹਾਂ ਕੋਲ ਸਿਆਸਤਦਾਨਾਂ ਦਾ ਕੰਮ ਘੱਟ ਸੀ ਪਰ ਚੋਣਾਂ ਤੋਂ ਬਾਅਦ ਨਵੇਂ ਕੱਪੜੇ ਸਿਲਾਈ ਕਰਨ ਵਾਲੇ ਸਿਆਸਤਦਾਨਾਂ ਦੀ ਗਿਣਤੀ ਵਧ ਗਈ ਹੈ।
ਇਕ ਅਕਾਲੀ ਉਮੀਦਵਾਰ ਨੇ ਆਪਣੇ ਵਰਕਰਾਂ ਨੂੰ ਆਪਣੀ ਜਿੱਤ ਦੇ ਜਸ਼ਨਾਂ ਨੂੰ ਰੰਗੀਨ ਬਣਾਉਣ ਲਈ ਆਤਿਸ਼ਬਾਜ਼ੀ ਅਤੇ ਗੁਲਾਲ ਦੀ ਵਰਤੋਂ ਕਰਨ ਲਈ ਕਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਉਸ ਵੇਲੇ ਕੋਈ ਤਿਆਰੀ ਨਹੀਂ ਕੀਤੀ ਜਦੋਂ ਵਰਕਰ ਉਸ ਨੂੰ ਜੇਤੂ ਕਰਾਰ ਦੇ ਰਹੇ ਸਨ। ਪ੍ਰਿੰਸ ਟੇਲਰ ਨੇ ਦੱਸਿਆ ਕਿ 4 ਦਰਜਨ ਤੋਂ ਵੱਧ ਉਮੀਦਵਾਰਾਂ ਨੇ ਹਾਲ ਹੀ ਵਿੱਚ ਸ਼ਰਟ, ਕੁੜਤਾ ਪਜਾਮਾ ਅਤੇ ਜੈਕਟਾਂ ਤਿਆਰ ਕੀਤੀਆਂ ਹਨ। ਪ੍ਰਿੰਸ ਟੇਲਰ ਦੀ ਅਜਿਹੀ ਪ੍ਰਸਿੱਧੀ ਹੈ ਕਿ ਲੁਧਿਆਣਾ, ਬਠਿੰਡਾ, ਮਾਨਸਾ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਤੋਂ ਆਗੂ ਕੱਪੜੇ ਸਿਲਾਈ ਕਰਨ ਲਈ ਮੁਕਤਸਰ ਪਹੁੰਚਦੇ ਹਨ।
ਪੰਜਾਬ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਇਸ ਟੇਲਰ ਦੀ ਕੱਪੜੇ ਸਿਲਾਈ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਇਸੇ ਤਰ੍ਹਾਂ ਅਬੋਹਰ ਦਾ ਵੀਅਰ ਵੈੱਲ ਵੀ ਲੀਡਰਾਂ ਦੇ ਕੱਪੜੇ ਸਿਲਾਈ ਕਰਨ ਵਿੱਚ ਰੁੱਝਿਆ ਹੋਇਆ ਹੈ। ਲੀਡਰਾਂ ਦੇ ਪਹਿਰਾਵੇ ਲਈ ਜਾਣੇ ਜਾਂਦੇ ਵੀਅਰ ਵੈੱਲ ਅਬੋਹਰ ਦੇ ਮਾਲਕ ਜਗਤ ਵਰਮਾ ਨੇ ਕਿਹਾ ਕਿ ਫਰਵਰੀ ਦੇ ਮਹੀਨੇ ਚੋਣ ਨਤੀਜਿਆਂ ਤੋਂ ਪਹਿਲਾਂ ਰੈਡੀਮੇਡ ਕੱਪੜਿਆਂ ਦੀ ਮੰਗ ਕਰਨ ਵਾਲੇ ਸਿਆਸਤਦਾਨਾਂ ਦੀ ਗਿਣਤੀ ਵਧਣ ਕਾਰਨ ਉਨ੍ਹਾਂ ਨੂੰ ਦਿਨ-ਰਾਤ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਕਰੀਬ ਦੋ ਹਫ਼ਤਿਆਂ ਤੋਂ ਰੋਜ਼ਾਨਾ ਵੀ.ਆਈ.ਪੀਜ਼ ਆ ਰਹੇ ਹਨ। ਪਟਿਆਲਾ ਅਤੇ ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ ਅਤੇ ਜਲੰਧਰ ਦੇ ਟੇਲਰਜ਼ ਨੇ ਵੀ ਉਮੀਦਵਾਰਾਂ ਦੇ ਕੱਪੜੇ ਸਿਲਾਈ ਕਰਨ ਦਾ ਕੰਮ ਵਧਾ ਦਿੱਤਾ ਹੈ।
ਜਿੱਤ ਤੋਂ ਪਹਿਲਾਂ ਗੁਲਾਲ ਅਤੇ ਲੱਡੂਆਂ ਦਾ ਪ੍ਰਬੰਧ
ਕਈ ਉਮੀਦਵਾਰਾਂ ਨੇ ਬਾਹਰੋਂ ਲੱਡੂ ਵੀ ਮੰਗਵਾਏ ਹਨ ਪਰ ਕੋਈ ਵੀ ਉਮੀਦਵਾਰ ਇਸ ਦਾ ਖੁਲਾਸਾ ਨਹੀਂ ਕਰ ਰਿਹਾ। ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਗੁਲਾਲ ਦੇ ਪ੍ਰਬੰਧ ਕਰਨ ਲਈ ਕਿਹਾ ਹੈ। ਕੁਝ ਉਮੀਦਵਾਰ ਅਜਿਹੇ ਵੀ ਹਨ, ਜਿਨ੍ਹਾਂ ਨੇ ਭੰਗੜਾ ਪਾਉਣ ਲਈ ਚੋਣਾਂ ਵਿੱਚ ਲੱਗੇ ਵਰਕਰਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਢੋਲਕੀ ਵਾਲਿਆਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵੱਡੇ-ਵੱਡੇ ਪਟਾਕੇ ਅਤੇ ਆਤਿਸ਼ਬਾਜ਼ੀ ਵੀ ਆਗੂਆਂ ਦੇ ਸਮਰਥਕਾਂ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਕੁਝ ਨੇਤਾ ਅਜਿਹੇ ਹਨ ਜੋ ਕਿਸੇ ਵੀ ਤਰ੍ਹਾਂ ਦੀ ਤਿਆਰੀ ਨਹੀਂ ਕਰ ਰਹੇ ਹਨ। ਇਸ ਵਿੱਚ ਕਈ ਸੀਨੀਅਰ ਆਗੂ ਵੀ ਸ਼ਾਮਲ ਹਨ। ਉਨ੍ਹਾਂ ਦੇ ਸਮਰਥਕ ਦਾਅਵਾ ਕਰ ਰਹੇ ਹਨ ਕਿ ਆਗੂ ਜਿੱਤ ਰਹੇ ਹਨ। ਲੱਗਦਾ ਹੈ ਕਿ ਨੇਤਾ ਜੀ ਨੂੰ ਅਜੇ ਵੀ ਆਪਣੀ ਜਿੱਤ ਦਾ ਯਕੀਨ ਨਹੀਂ ਹੈ। ਇਸੇ ਲਈ ਉਹ ਅਜਿਹੀਆਂ ਤਿਆਰੀਆਂ ਵੱਲ ਧਿਆਨ ਨਹੀਂ ਦੇ ਰਹੇ।
ਇੰਡੀਆਨੈਟ ਨਿਊਜ ਤੋਂ ਧੰਨਵਾਦ ਸਹਿਤ ਪੰਜਾਬੀ ਰੂਪਾਂਤਰਣ