ਜਲੰਧਰ: ਡਿਪਟੀ ਕਮਿਸ਼ਨਰ ਵੱਲੋਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਦਾ ਦੌਰਾ
- ਬਜ਼ੁਰਗ ਵੋਟਰਾਂ ਨੂੰ ਬੂਟੇ ਦੇ ਕੇ ਕੀਤਾ ਸਨਮਾਨਿਤ, ਫਸਟ ਟਾਈਮ ਵੋਟਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ
- ਜ਼ਿਲ੍ਹੇ ਵਿੱਚ 59 ਮਾਡਲ ਪੋਲਿੰਗ ਸਟੇਸ਼ਨ ਕੀਤੇ ਗਏ ਸਥਾਪਤ
ਜਲੰਧਰ, 20 ਫਰਵਰੀ 2022 - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਇਥੇ ਐਚ.ਐਮ.ਵੀ. ਕਾਲਜ ਵਿਖੇ ਸਥਾਪਤ ਸੁਪਰ ਮਾਡਲ ਪੋਲਿੰਗ ਸਟੇਸ਼ਨ ਦਾ ਦੌਰਾ ਕਰਦਿਆਂ ਉਥੇ ਵੋਟਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਦਾ ਜਾਇਜ਼ਾ ਲਿਆ।
ਰੰਗ-ਬਿਰੰਗੇ ਗੁਬਾਰਿਆਂ, ਸਲੋਗਨਾਂ ਅਤੇ ਹੋਰ ਸਮੱਗਰੀ ਨਾਲ ਸਜਾਏ ਗਏ ਸੁਪਰ ਮਾਡਲ ਬੂਥ ਵਿਖੇ ਵੋਟ ਪਾਉਣ ਆਏ ਵੋਟਰਾਂ ਦਾ ਸਵਾਗਤ 'ਲਾਈਵ ਸ਼ੇਰਾ' ਦੇ ਨਾਲ ਢੋਲ ਵਜਾ ਕੇ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜਿਥੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ ਉਥੇ ਬਜ਼ੁਰਗ ਵੋਟਰਾਂ ਨੂੰ ਸਨਮਾਨ ਵਜੋਂ ਬੂਟੇ ਦਿੱਤੇ ਗਏ। ਸੁਪਰ ਮਾਡਲ ਪੋਲਿੰਗ ਬੂਥ ਵਿਖੇ ਨੇਲ ਆਰਟ ਤੇ ਸੈਲਫੀ ਕਾਰਨਰ ਨੌਜਵਾਨ ਵੋਟਰਾਂ ਵਿੱਚ ਖਿੱਚ ਦਾ ਕੇਂਦਰ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਪਰ ਮਾਡਲ ਪੋਲਿੰਗ ਬੂਥ ਦਾ ਉਦੇਸ਼ ਵੋਟਿੰਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੰਤਵ ਲਈ ਸੁਪਰ ਮਾਡਲ ਪੋਲਿੰਗ ਬੂਥ ਵਿੱਚ ਉਡੀਕ ਘਰ, ਕ੍ਰੇਚ, ਸਹਾਇਤਾ ਬੂਥ, ਪੀਣ ਵਾਲੇ ਪਦਾਰਥਾਂ ਦਾ ਪ੍ਰਬੰਧ, ਬੋਤਲ ਕ੍ਰਸ਼ਿੰਗ ਮਸ਼ੀਨ, ਪੀ.ਡਬਲਯੂ.ਡੀ. ਤੇ ਬਜ਼ੁਰਗ ਵੋਟਰਾਂ ਲਈ ਗੋਲਫ ਕਾਰਟ, ਵ੍ਹੀਲ ਚੇਅਰਾਂ, ਵੋਟ ਪਾਉਣ ਲਈ ਟੋਕਨ ਪ੍ਰਣਾਲੀ, ਵੇਰਕਾ ਬੂਥ, ਰੈਡ ਕਾਰਪੇਟ, ਐਲ.ਈ.ਡੀ. ਸਕਰੀਨਾਂ ਤੋਂ ਇਲਾਵਾ ਵੋਟਿੰਗ ਲਈ ਆਉਣ ਵਾਲੇ ਵੋਟਰਾਂ ਲਈ ਮੋਬਾਇਲ ਜਮ੍ਹਾ ਕਰਵਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤਾਂ ਜੋ ਵੋਟਰਾਂ ਦੇ ਵੋਟਿੰਗ ਦੇ ਅਨੁਭਵ ਨੂੰ ਸੁਖਾਵਾਂ ਬਣਾਇਆ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਚ.ਐਮ.ਵੀ. ਕਾਲਜ ਵਿਖੇ ਸੁਪਰ ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕਰਨ ਤੋਂ ਇਲਾਵਾ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਆਦਮਪੁਰ, ਕਰਤਾਰਪੁਰ, ਨਕੋਦਰ, ਸ਼ਾਹਕੋਟ, ਫਿਲੌਰ, ਜਲੰਧਰ ਕੈਂਟ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਤੇ ਜਲੰਧਰ ਪੱਛਮੀ ਵਿੱਚ 59 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਪੋਲਿੰਗਾਂ ਬੂਥਾਂ 'ਤੇ ਵੋਟਰਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਵੋਟਰਾਂ ਵੱਲੋਂ ਸੁਪਰ ਮਾਡਲ ਪੋਲਿੰਗ ਬੂਥ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਗਿਆ।