ਜੀ ਐਸ ਪੰਨੂ
ਪਟਿਆਲਾ, 24 ਜਨਵਰੀ, 2022: ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਜਨਵਰੀ2022 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ 'ਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ 25 ਜਨਵਰੀ, 2022 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।
ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ 109-ਨਾਭਾ ਲਈ ਨਾਮਜ਼ਦਗੀ ਪੱਤਰ ਉਪ ਮੰਡਲ ਮੈਜਿਸਟਰੇਟ ਨਾਭਾ ਦੇ ਦਫ਼ਤਰ ਦੇ ਕਮਰਾ ਨੰਬਰ 108 ਵਿਖੇ, ਵਿਧਾਨ ਸਭਾ ਹਲਕਾ 110-ਪਟਿਆਲਾ ਦਿਹਾਤੀ ਲਈ ਨਾਮਜ਼ਦਗੀ ਮਿੰਨੀ ਸਕੱਤਰੇਤ ਪਟਿਆਲਾ, ਬਲਾਕ-ਏ, ਦੂਜੀ ਮੰਜ਼ਿਲ ਕਮਰਾ ਨੰਬਰ 330 ਵਿਖੇ, ਵਿਧਾਨ ਸਭਾ ਹਲਕਾ 111- ਰਾਜਪੁਰਾ ਲਈ ਨਾਮਜ਼ਦਗੀ ਮਿੰਨੀ ਸਕੱਤਰੇਤ ਰਾਜਪੁਰਾ ਦੇ ਕਮਰਾ ਨੰਬਰ 103 ਵਿਖੇ ਅਤੇ ਵਿਧਾਨ ਸਭਾ ਹਲਕਾ 113-ਘਨੌਰ ਲਈ ਨਾਮਜ਼ਦਗੀ ਏ.ਈ.ਟੀ.ਸੀ (ਮੁੱਖ ਦਫ਼ਤਰ) ਭੁਪਿੰਦਰਾ ਰੋਡ ਪਟਿਆਲਾ ਦੇ ਮੀਟਿੰਗ ਹਾਲ ਵਿਖੇ ਭਰੇ ਜਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 114-ਸਨੌਰ ਲਈ ਨਾਮਜ਼ਦਗੀ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਐਸ.ਐਸ.ਟੀ ਨਗਰ ਦੇ ਕਮਰਾ ਨੰਬਰ 1 ਵਿਖੇ, 115-ਪਟਿਆਲਾ ਸਹਿਰੀ ਲਈ ਨਾਮਜ਼ਦਗੀ ਮਿੰਨੀ ਸਕੱਤਰੇਤ ਪਟਿਆਲਾ ਦੇ ਬਲਾਕ-ਏ ਦੇ ਕਮਰਾ ਨੰਬਰ 204 ਵਿਖੇ, 116-ਸਮਾਣਾ ਲਈ ਨਾਮਜ਼ਦਗੀ ਐਸ.ਡੀ.ਐਮ ਦਫ਼ਤਰ ਸਮਾਣਾ ਦੇ ਕੋਰਟ ਰੂਮ ਵਿਖੇ ਅਤੇ 117-ਸ਼ੁਤਰਾਣਾ ਲਈ ਨਾਮਜ਼ਦਗੀ ਐਸ.ਡੀ.ਐਮ. ਦਫ਼ਤਰ ਪਾਤੜਾਂ ਦੇ ਕਮਰਾ ਨੰਬਰ 7 ਵਿਖੇ ਭਰੇ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ।