ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨਾਂ ਨੂੰ ਸੌਂਪੇ ਪ੍ਰਸ਼ੰਸਾ ਪੱਤਰ
- ਇਕ ਵਜੇ ਤੱਕ ਹੋਈ ਕਰੀਬ 34.98 ਫੀਸਦੀ ਵੋਟਿੰਗ
ਹੁਸ਼ਿਆਰਪੁਰ, 20 ਫਰਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਜਿਥੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨ ਵੋਟਰਾਂ ਨੂੰ ਬੂਥਾਂ ’ਤੇ ਹੀ ਪ੍ਰਸ਼ੰਸਾ ਪੱਤਰ ਸੌਂਪੇ ਗਏ, ਉਥੇ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਵੀ ਨਜ਼ਰ ਆ ਰਿਹਾ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਢੰਗ ਨਾਲ 1 ਵਜੇ ਤੱਕ ਕਰੀਬ 34.98 ਫੀਸਦੀ ਵੋਟਿੰਗ ਵੀ ਹੋਈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ 18 ਤੋਂ 19 ਸਾਲ ਦੇ 24,157 ਵੋਟਰ ਹਨ ਅਤੇ ਅੱਜ ਵੋਟਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਬੂਥਾਂ ’ਤੇ ਹੀ ਪ੍ਰਸ਼ੰਸਾ ਪੱਤਰ ਸੌਂਪ ਕੇ ਸਨਮਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 12,87,837 ਵੋਟਰ ਹਨ, ਜਿਨ੍ਹਾਂ ਵਿਚ 18 ਤੋਂ 19 ਸਾਲ ਦੇ ਨੌਜਵਾਨਾਂ ਤੋਂ ਇਲਾਵਾ 20 ਤੋਂ 29 ਸਾਲ ਦੇ 2,39,109 ਵੋਟਰ ਹਨ।
ਸ੍ਰੀਮਤੀ ਰਿਆਤ ਨੇ ਦੱਸਿਆ ਕਿ 1 ਵਜੇ ਤੱਕ ਜ਼ਿਲ੍ਹੇ ਵਿਚ ਕਰੀਬ 34.98 ਫੀਸਦੀ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਹੋਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ ਕਰੀਬ 35 ਫੀਸਦੀ, ਦਸੂਹਾ 34.51, ਉੜਮੁੜ 34.5, ਸ਼ਾਮਚੁਰਾਸੀ 35, ਹੁਸ਼ਿਆਰਪੁਰ 31, ਚੱਬੇਵਾਲ 37.3 ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿਖੇ ਕਰੀਬ 38.2 ਫੀਸਦੀ ਪੋਲਿੰਗ ਹੋਈ।