ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਗੁਲਾਬ ਦੇ ਫੁੱਲਾਂ, ਸਰਟੀਫਿਕੇਟ ਤੇ ਟੋਪੀਆਂ ਨਾਲ ਨਵਾਜਿਆ
ਹਰੀਸ਼ ਕਾਲੜਾ
ਨੂਰਪੁਰ ਬੇਦੀ 20 ਫਰਵਰੀ 2022:ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਨਵੇਂ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ ਆਰੰਭੀ ਮੁਹਿੰਮ ਤਹਿਤ ਅੱਜ ਚੋਣ ਸਟਾਫ਼ ਨੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਪਹਿਲੀ ਵਾਰ ਵੋਟ ਪਾਉਣ ਪਹੁੰਚੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਨਮਾਨਤ ਕਰ ਕੇ ਉਨਾਂ ਦਾ ਮਾਣ ਵਧਾਇਆ। ਅੱਜ ਵੱਖ-ਵੱਖ ਪੋਲਿੰਗ ਬੂਥਾਂ 'ਤੇ ਪਹਿਲੀ ਵਾਰ ਵੋਟ ਪਾਉਣ ਪਹੁੰਚੇ ਨੌਜਵਾਨਾਂ ਨੂੰ ਪੋਲਿੰਗ ਸਟਾਫ਼ ਵੱਲੋਂ ਗੁਲਾਬ ਦੇ ਫੁੱਲ, ਸਰਟੀਫਿਕੇਟ ਅਤੇ ਸਿਰ 'ਤੇ ਪਹਿਨਣ ਲਈ ਟੋਪੀਆਂ ਜਿਸ 'ਤੇ ਚੋਣ ਮਿੱਤਰ ਲਿਖਿਆ ਹੋਇਆ ਸੀ ਦਿੱਤੇ ਅਤੇ ਉਨਾਂ ਦੀ ਹੋਸਲਾ ਅਫਸਾਈ ਕੀਤੀ ਗਈ।
ਇਸ ਮੌਕੇ ਹਾਜ਼ਰ ਬੂਥ ਲੈਵਲ ਅਧਿਕਾਰੀ (ਬੀ.ਐੱਲ.ਓ.) ਦਵਿੰਦਰ ਕੁਮਾਰ, ਗੁਰਪ੍ਰਤਾਪ, ਅਮਰਜੀਤ ਸਿੰਘ, ਰਾਜੀਵ ਲੂੰਬਾ ਤੇ ਮੁਕੇਸ਼ ਭੰਡਾਰੀ ਨੇ ਦੱਸਿਆ ਕਿ ਸੈਂਕੜੇ ਨੌਜਵਾਨਾਂ ਦੀ ਨਵੀਂ ਵੋਟ ਬਣੀ ਹੈ ਅਤੇ ਉਨਾਂ ਨੂੰ ਵੋਟ ਪ੍ਰਣਾਲੀ 'ਚ ਹਿੱਸਾ ਲੈਣ ਲਈ ਬਕਾਇਦਾ ਵੋਟਰ ਗਾਈਡਾਂ ਸੋਂਪ ਕੇ ਨਾ ਕੇਵਲ ਜਾਗਰੂਕ ਹੀ ਕੀਤਾ ਗਿਆ ਬਲਕਿ ਇਸਦਾ ਮਹੱਤਵ ਦੱਸਦੇ ਹੋਏ ਵੋਟ ਪਾਉਣ ਲਈ ਵੀ ਜਾਗਰੂਕ ਵੀ ਕੀਤਾ ਗਿਆ। ਉਨਾਂ ਦੱਸਿਆ ਕਿ ਅੱਜ ਵੋਟਾਂ ਵਾਲੇ ਦਿਨ ਉਕਤ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਉਕਤ ਸਮੱਗਰੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸਤੋਂ ਇਲਾਵਾ 80 ਸਾਲ ਤੋਂ ਵਧੇਰੇ ਉਮਰ ਵਾਲੇ ਨਾਗਰਿਕਾਂ ਨੂੰ ਵੀ ਅਲੱਗ ਤੌਰ 'ਤੇ ਸਰਟੀਫਿਕੇਟ ਪ੍ਰਦਾਨ ਕਰ ਕੇ ਸਨਮਾਨਤ ਕੀਤਾ ਗਿਆ।